ਪਸ਼ੂਆਂ ਲਈ ਚਾਰੇ ਦੇ ਵੀ ਕੀਤੇ ਪ੍ਰਬੰਧ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਸੇਵਾਵਾਂ ਨਿਰੰਤਰ ਜਾਰੀ ਹਨ।ਇਸ ਤਹਿਤ ਜਿਥੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ, ਉਥੇ ਸ਼੍ਰੋਮਣੀ ਕਮੇਟੀ ਵੱਲੋਂ ਮੈਡੀਕਲ ਟੀਮਾਂ ਸਬੰਧਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਦੇ ਆਦੇਸ਼ ਕੀਤੇ ਹਨ।ਵੱਖ-ਵੱਖ ਥਾਵਾਂ `ਤੇ 25 ਗੁਰਦੁਆਰਾ ਸਾਹਿਬਾਨ ਵਿੱਚ ਕੇਂਦਰ ਸਥਾਪਿਤ ਕਰਕੇ ਰਾਹਤ ਕਾਰਜ ਆਰੰਭੇ ਗਏ ਸਨ, ਜੋ ਲਗਾਤਾਰ ਜਾਰੀ ਹਨ।
ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਦਵਾਈ ਅਤੇ ਮੈਡੀਕਲ ਸਹੂਲਤ ਦੀ ਵੱਡੀ ਲੋੜ ਹੈ, ਜਿਸ ਦੇ ਮੱਦੇਨਜ਼ਰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਤੋਂ 3 ਮੈਡੀਕਲ ਟੀਮਾਂ ਭੇਜੀਆਂ ਗਈਆਂ ਹਨ, ਜੋ ਪੀੜਤ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਤੇ ਫਰੀ ਦਵਾਈਆਂ ਦੇ ਰਹੀਆਂ ਹਨ।
ਉਨ੍ਹਾ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਲਈ ਚਾਰੇ ਦੀ ਲੋੜ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਪਸ਼ੂਆਂ ਲਈ ਜਿਥੇ ਵੱਖ-ਵੱਖ ਥਾਵਾਂ ਤੋਂ ਹਰਾ ਚਾਰਾ ਭੇਜਿਆ ਜਾ ਰਿਹਾ ਹੈ, ਉਥੇ ਚਾਰੇ ਲਈ ਅਚਾਰ ਦੇ ਵੀ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਕਾਰਜ਼ ਵਿੱਚ ਸੰਗਤਾਂ ਵੀ ਵੱਡਾ ਯੋਗਦਾਨ ਪਾ ਰਹੀਆਂ ਹਨ।