ਅੰਮ੍ਰਿਤਸਰ/ਨੰਦੇੜ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰਮਤਿ ਸੰਗੀਤ ਦੀ ਦੂਜੀ ਪਾਠਸ਼ਾਲਾ 21 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਲਗਾਈ ਗਈ।ਇਸ ਵਿੱਚ ਪੰਥ ਦੇ ਚੋਟੀ ਦੇ ਵਿਦਵਾਨ ਪ੍ਰਿੰਸੀਪਲ ਉਸਤਾਦ ਸੁਖਵੰਤ ਸਿੰਘ ਜਵੱਦੀ ਟਕਸਾਲ ਨੇ 200 ਤੋਂ ਵਧੀਕ ਬੱਚਿਆਂ ਨਾਲ ਗੁਰਮਤਿ ਸੰਗੀਤ ਪੇਸ਼ ਕੀਤਾ।ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ 80 ਪ੍ਰਤੀਸ਼ਤ ਬੱਚੇ ਗੈਰ ਸਿੱਖ ਸਨ।ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ, ਡਾ. ਪਰਵਿੰਦਰ ਸਿੰਘ ਪਸਰੀਚਾ ਪ੍ਰਸ਼ਾਸ਼ਕ ਤੇ ਜਸਬੀਰ ਸਿੰਘ ਧਾਮ ਦੇ ਵਿਸ਼ੇਸ਼ ਉਦਮ ਸਦਕਾ ਇਸ ਇੱਕ ਰੋਜ਼ਾ ਸੰਗੀਤ ਕਾਰਜ਼ਸ਼ਾਲਾ ਵਿੱਚ ਬਿਲਾਵਲ ਰਾਗ ਨਾਲ ਸੰਬੰਧਤ ਸ਼ਬਦਾਂ ਦਾ ਅਭਿਆਸ ਕਰਵਾਇਆ ਗਿਆ।ਡਾ. ਪਸਰੀਚਾ ਨੇ ਦੱਸਿਆ ਕਿ ਬੱਚਿਆਂ ਨੂੰ ਜੋ ਅਭਿਆਸ ਕਰਵਾਏ ਗਏ ਹਨ, ਉਨ੍ਹਾਂ ਦਾ ਰਿਆਜ਼ ਕਰਵਾਉਣ ਲਈ ਸੱਚਖੰਡ ਪਬਲਿਕ ਸਕੂਲ ਵਿੱਚ ਹਰ ਸ਼ਨੀਵਾਰ ਨੂੰ ਤਖਤ ਸੱਚਖੰਡ ਸਾਹਿਬ ਦੇ ਰਾਗੀ ਸਿੰਘਾਂ ਦੀ ਡਿਊਟੀ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਤੀਜੀ ਗੁਰਮਤਿ ਸੰਗੀਤ ਕਾਰਜ਼ਸ਼ਾਲਾ ਦਾ ਆਯੋਜਨ ਕੀਤਾ ਜਾਵੇਗਾ।ਜਿਸ ਵਿਚ ਜਵੱਦੀ ਟਕਸਾਲ ਦੇ ਗੁਰਮਤਿ ਵਿਦਿਆ ਵਿੱਚ ਨਿਪੁੰਨ ਵਿਦਿਆਰਥੀ ਵੀ ਸ਼ਾਮਲ ਹੋਣਗੇ।ਡਾ. ਪਸਰੀਚਾ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਪਾਵਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਗੀਤ ਦੀ ਇੱਕ ਵੱਡੀ ਅਕੈਡਮੀ ਸਥਾਪਤ ਕਰਨ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ।ਜਿਸ ਵਿੱਚ ਚੰਗੇ ਪ੍ਰਸਿੱਧੀ ਪ੍ਰਾਪਤ ਉਸਤਾਦਾਂ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਬੱਚਿਆਂ ਨੂੰ ਗੁਰਮਤਿ ਸੰਗੀਤ ਸਿੱਖਣ ਦਾ ਅਵਸਰ ਪ੍ਰਾਪਤ ਹੋਵੇਗਾ।
ਇਸ ਮੌਕੇ ਠਾਨ ਸਿੰਘ ਬੁੰਗਈ ਸੁਪਰਡੈਂਟ, ਪ੍ਰਿੰਸੀਪਲ ਗੁਰਬਚਨ ਸਿੰਘ, ਪ੍ਰਿੰਸੀਪਲ ਅਨਿਲ ਕੌਰ ਖਾਲਸਾ, ਸੱਚਖੰਡ ਪਬਲਿਕ ਸਕੂਲ ਦਾ ਸਟਾਫ ਆਦਿ ਹਾਜ਼ਰ ਸੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …