ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਨਾਲ ‘ਸ਼ਾਵਾ ਨੀ ਗਿਰਧਾਰੀ ਲਾਲ’ ਅਤੇ ਫਿਰ ‘ਯਾਰ ਮੇਰਾ ਤਿੱਤਲੀਆਂ ਵਰਗਾ‘ ਵਿੱਚ ਬਤੌਰ ਹੀਰੋਇਨ ਨਜ਼ਰ ਆਈ ਤੰਨੂ ਗਰੇਵਾਲ ਹੁਣ ਪੰਜਾਬੀ ਫਿ਼ਲਮ ‘ਮੁੰਡਾ ਸਾਊਥਹਾਲ ਦਾ’ ਵਿੱਚ ਨਜ਼ਰ ਆਵੇਗੀ।ਇਸ ਫਿਲਮ ਵਿੱਚ ਉਹ ਇੱਕ ਵੱਖਰੇ ਹੀ ਗੈਟਅੱਪ ਤੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ।ਇਸ ਫਿਲਮ ਦਾ ਟ੍ਰੇਲਰ ਹਰ ਪਾਸੇ ਛਾਇਆ ਹੋਇਆ ਹੈ।4 ਅਗਸਤ ਨੂੰ ਰਲੀਜ਼ ਹੋ ਰਹੀ ਇਸ ਫਿਲਮ ਨਾਲ ਤੰਨੂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਹੋਰ ਪੱਕੀ ਕਰੇਗੀ।ਇਸ ਫਿਲਮ ਨੂੰ ਲ਼ੈ ਕੇ ਉਹ ਹਰ ਪਾਸੇ ਖੂਬ ਚਰਚਾ ਵਿੱਚ ਹੈ।ਨਿਰਦੇਸ਼ਕ ਸੁੱਖ ਸੰਘੇੜਾ ਦੀ ਇਸ ਫਿ਼ਲਮ ਵਿੱਚ ਉਹ ਪੰਜਾਬੀ ਗਾਇਕ ਅਰਮਾਨ ਬੇਦਿਲ ਨਾਲ ਬਤੌਰ ਨਾਇਕਾ ਨਜ਼ਰ ਆਵੇਗੀ।ਫਿਲਮ ਵਿੱਚ ਉਸ ਦਾ ‘ਰਾਵੀ‘ ਨਾਂ ਦੀ ਕੁੜੀ ਦਾ ਕਿਰਦਾਰ ਹੈ, ਜੋ ਉਸ ਦੀ ਜ਼ਿੰਦਗੀ ਦੇ ਬਹੁਤ ਨੇੜ੍ਹੇ ਹੈ।ਇਸ ਕਿਰਦਾਰ ਨੂੰ ਨਿਭਾਉਂਦਿਆ ਉਸ ਨੇ ਕਲਾ ਖੇਤਰ ਦਾ ਇੱਕ ਨਵਾਂ ਤਜ਼ਰਬਾ ਹਾਸਲ ਕੀਤਾ ਹੈ।ਉਸ ਦਾ ਕਹਿਣਾ ਹੈ ਕਿ ਹੁਣ ਤੱਕ ਦਰਸ਼ਕਾਂ ਨੇ ਉਸ ਨੂੰ ਇੱਕ ਦੇਸੀ ਪੰਜਾਬਣ ਦੇ ਕਿਰਦਾਰਾਂ ਵਿੱਚ ਹੀ ਵੇਖਿਆ ਹੈ, ਜਦਕਿ ਇਸ ਫਿ਼ਲਮ ‘ਮੁੰਡਾ ਸਾਊਥਹਾਲ ਵਿੱਚ’ ਦਰਸ਼ਕ ਉਸ ਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਦੇਖਣਗੇ।ਰਾਵੀ ਦਾ ਇਹ ਕਿਰਦਾਰ ਮੁੰਡਿਆਂ ਨੂੰ ਹੀ ਨਹੀੰ ਕੁੜੀਆਂ ਨੂੰ ਵੀ ਪਸੰਦ ਆਵੇਗਾ।ਰਾਵੀ ਦਾ ਕਿਰਦਾਰ ਹੁਣ ਉਸ ਦੀ ਜ਼ਿੰਦਗੀ ਦੇ ਸਭ ਤੋਂ ਨੇੜੇ ਹੈ।ਇਸ ਕਿਰਦਾਰ ਨਾਲ ਹਰ ਉਮਰ ਵਰਗ ਦੇ ਦਰਸ਼ਕ ਆਪਣੇ ਜ਼ਜ਼ਬਾਤਾਂ ਦੀ ਸਾਂਝ ਪਾਉਣਗੇ ਤੇ ਉਸ ਨਾਲ ਹਮਦਰਦੀ ਜਤਾਉਣਗੇ।
ਕੈਨੇਡਾ ਦੀ ਜ਼ੰਮਪਲ ਤਨੂੰ ਗਰੇਵਾਲ ਨੇ ਦੱਸਿਆ ਕਿ ਉਸ ਨੂੰ ਕਲਾ ਦਾ ਸ਼ੌਂਕ ਆਪਣੇ ਪਰਿਵਾਰਕ ਮਾਹੌਲ ਤੋਂ ਹੀ ਮਿਲਿਆ।ਘਰ ਵਿਚ ਪੰਜਾਬੀ ਗਾਣੇ ਅਤੇ ਫਿਲਮਾਂ ਵੇਖਣ ਦਾ ਸ਼ੌਂਕ ਸੀ।ਉਸ ਨੇ ਆਪਣੀ ਕਲਾ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਵੀਡੀਓਜ਼ ਨਾਲ ਕੀਤੀ ਸੀ।ਮਸ਼ਹੂਰ ਗਾਇਕ ਕਰਨ ਔਜਲਾ ਦੇ ਚਰਚਿਤ ਗਾਣੇ ‘ਚਿੱਟਾ ਕੁੜਤਾ’ ਨਾਲ ਚਰਚਾ ਵਿੱਚ ਆਈ ਤੰਨੂ ‘ਚਿੱਠੀਆਂ’, ‘ਰਿਮ ਵਰਸਿਜ਼ ਝਾਂਜਰ’ ਅਤੇ ‘ਲੌਟ ਆਨਾ’ ਗੀਤਾਂ ਸਮੇਤ ਦਰਜਨਾਂ ਗੀਤਾਂ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ।ਇਸ ਤੋਂ ਇਲਾਵਾ ਅੰਮ੍ਰਿਤ ਮਾਨ ਦੇ ਗੀਤ ‘ਲਾਈਫ ਸਟਾਇਲ’ ਅਤੇ ਰਾਜਵੀਰ ਜਵੰਦਾ ਦੇ ‘ਪੰਜਾਬਣ’ ਗੀਤਾਂ ਵਿੱਚ ਉਸ ਨੇ ਆਪਣੀ ਅਦਾਕਾਰੀ ਦਾ ਨਮੂਨਾ ਵੀ ਪੇਸ਼ ਕੀਤਾ।ਇਨ੍ਹਾਂ ਗੀਤਾਂ ਨੇ ਹੀ
ਉਸ ਵਾਸਤੇ ਪੰਜਾਬੀ ਸਿਨੇਮੇ ਦੇ ਦਰਵਾਜ਼ੇ ਖੋਲੇ।ਜਿਸ ਸਦਕਾ ਉਸਨੂੰ ਗਿੱਪੀ ਗਰੇਵਾਲ ਦੀ ਫਿ਼ਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਵਿੱਚ ਕੁਲਜੀਤ ਨਾਂ ਦੀ ਪੇਂਡੂ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।ਇਸ ਪਹਿਲੀ ਫਿ਼ਲਮ ਵਿੱਚਲੀ ਕਾਬਲੀਅਤ ਨੂੰ ਵੇਖਦਿਆਂ ਹੀ ਫਿ਼ਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲਈ ਉਸ ਨੂੰ ਮੁੱਖ ਕਿਰਦਾਰ ਲਈ ਚੁਣਿਆ ਗਿਆ।ਜਿਸ ਵਿੱਚ ਉਸ ਨੇ ਇੱਕ ਪੇਂਡੂ ਤੇ ਭੋਲੀ ਭਾਲੀ ‘ਬੇਅੰਤ’ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ।ਇਸ ਫਿ਼ਲਮ ਵਿੱਚ ਵੀ ਦਰਸ਼ਕਾਂ ਨੇ ਉਸ ਦੀ ਅਦਾਕਾਰੀ ਬਹੁਤ ਪਸੰਦ ਕੀਤੀ।ਇਸ ਤੋਂ ਇਲਾਵਾ ਉਸਨੇ ਫ਼ਿਲਮ ‘ਮੌਜ਼ਾਂ ਹੀ ਮੌਜ਼ਾਂ’ ਅਤੇ ‘ਆਉਟ ਲਾਅ’ ਪੰਜਾਬੀ ਵੈਬ ਸੀਰੀਜ਼ ਵਿੱਚ ਵੀ ਕੰਮ ਕੀਤਾ ਹੈ।
ਉਸ ਦੀ ਆ ਰਹੀ ਫਿ਼ਲਮ ‘ਮੁੰਡਾ ਸਾਊਥਹਾਲ ਦਾ’ ਨੂੰ ਨਾਮਵਰ ਵੀਡਿਓ ਡਾਇਰੈਕਟਰ ਸੁੱਖ ਸੰਘੇੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।ਤੰਨੂ ਮੁਤਾਬਕ ਇਹ ਫਿ਼ਲਮ ਪੰਜਾਬੀ ਦੀ ਇੱਕ ਵੱਖਰੀ ਕਿਸਮ ਦੀ ਫਿ਼ਲਮ ਹੈ।ਇਹ ਫਿ਼ਲਮ ਪੰਜਾਬੀ ਸਿਨਮਾ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾਵੇਗੀ।ਤੰਨੂ ਮੁਤਾਬਿਕ ਇਹ ਫਿਲਮ ਅਜੋਕੇ ਸਮਾਜ ਦੀ ਕਹਾਣੀ ਹੈ।ਇਹ ਫਿ਼ਲਮ ਵਿਦੇਸ਼ਾਂ ਵਿੱਚ ਪੱਕੇ ਹੋਣ ਖਾਤਰ ਕੀਤੇ ਜਾਂਦੇ ਰਿਸ਼ਤਿਆਂ ਦੇ ਘਾਣ ਦੀ ਗੱਲ ਕਰਦੀ ਹੈ।
ਫਿ਼ਲਮ ਵਿੱਚ ਉਸ ਨਾਲ ਅਰਮਾਨ ਬੇਦਿਲ, ਸਰਬਜੀਤ ਚੀਮਾ, ਇਫ਼ਤਕਾਰ ਨਾਕੁਰ, ਪ੍ਰੀਤ ਔਜਲਾ, ਗੁਰਪ੍ਰੀਤ ਭੰਗੂ ਸਮੇਤ ਕਈ ਨਾਮੀ ਕਲਾਕਾਰਾਂ ਨੇ ਕੰਮ ਕੀਤਾ ਹੈ।ਤੰਨੂ ਮੁਤਾਬਿਕ ਇਹ ਫਿ਼ਲਮ ਉਸ ਦੀ ਦਰਸ਼ਕਾਂ ਵਿੱਚ ਪਹਿਚਾਣ ਹੋਰ ਗੂੜੀ ਕਰੇਗੀ।ਇਸ ਫਿਲਮ ਤੋਂ ਬਾਅਦ ਉਹ ਗਿੱਪੀ ਗਰੇਵਾਲ ਨਾਲ ਇਕ ਹੋਰ ਫਿਲਮ “ਮੌਜ਼ਾਂ ਹੀ ਮੌਜ਼ਾਂ” ਵਿੱਚ ਵੀ ਨਜ਼ਰ ਆਵੇਗੀ।ਉਸ ਤੋਂ ਬਾਅਦ ਉਸ ਦੀ ਇੱਕ ਵੈਬਸੀਰੀਜ਼ “ਆਉਟਲਾਅ” ਵੀ ਰਲੀਜ਼ ਲਈ ਤਿਆਰ ਹੈ।3007202301
ਜਿੰਦ ਜਵੰਦਾ
ਮੋ – 9779591482