Tuesday, October 3, 2023

ਆਇਆ ਸਾਉਣ ਦਾ ਮਹੀਨਾ…..

ਸਾਵਣ ਨਾਨਕਸ਼ਾਹੀ ਜੰਤਰੀ ਦਾ ਪੰਜਵਾਂ ਮਹੀਨਾ ਹੈ।ਇਹ ਗ੍ਰੇਗਰੀ ਅਤੇ ਜੁਲੀਅਨ ਕੈਲੰਡਰਾਂ ਦੇ ਜੁਲਾਈ ਅਤੇ ਅਗਸਤ ਦੇ ਵਿਚਾਲ਼ੇ ਆਉਂਦਾ ਹੈ।ਇਸ ਮਹੀਨੇ ਵਿੱਚ 31 ਦਿਨ ਹੁੰਦੇ ਹਨ।ਹਰ ਸਾਲ ਤਕਰੀਬਨ ਅੱਧ ਜੁਲਾਈ ਤੋਂ ਸਾਵਣ ਮਹੀਨੇ ਦੀ ਸ਼ੁਰੂਆਤ ਅਤੇ ਅੱਧ ਅਗਸਤ ਮਹੀਨੇ ਦਾ ਅੰਤ ਅਤੇ ਭਾਦੋਂ ਦੀ ਸ਼ੁਰੂਆਤ ਹੁੰਦੀ ਹੈ।ਪੰਜਾਬ ਦੇ ਕਈ ਇਲਾਕਿਆਂ ਵਿਚ ਤੀਆਂ ਦੇ ਤਿਉਹਾਰ ਨੂੰ ਸਾਵੇਂ ਕਿਹਾ ਜਾਂਦਾ ਹੈ, ਪਰ ਤੀਆਂ ਤੇ ਸਾਵੇਂ ਵਿੱਚ ਇਹ ਫ਼ਰਕ ਹੈ ਕਿ ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈਆਂ ਜਾਂਦੀਆਂ ਹਨ ਅਤੇ ਸਾਵੇਂ ਸਾਉਣ ਦੇ ਹਰ ਐਤਵਾਰ ਮਨਾਏ ਜਾਂਦੇ ਹਨ। ਸਾਉਣ ਦੀ ਫੁਹਾਰ ਕੱਪੜੇ ਭਿਉਂਦੀ ਅਤੇ ਤਨ-ਮਨ ਨੂੰ ਹੁਲਾਰਾ ਦਿੰਦੀ ਹੈ।ਇਸ ਮਹੀਨੇ ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿੱਚ ਖੇੜਾ ਭਰ ਜਾਣਾ ਸੁਭਾਵਿਕ ਹੈ, ਗੱਭਰੂ ਖ਼ੁਸ਼ ਹੁੰਦੇ ਹਨ, ਕਿਉਂ ਜੋ ਉਨ੍ਹਾਂ ਦੀਆਂ ਮੰਗੇਤਰਾਂ, ਵਹੁਟੀਆਂ ਅਤੇ ਭੈਣਾਂ ਸਭ ਖ਼ੁਸ਼ ਹਨ।ਬੁੱਢੇ-ਬੁੱਢੀਆਂ ਖ਼ੁਸ਼ ਹੁੰਦੇ ਹਨ, ਕਿ ਉਨ੍ਹਾਂ ਦੇ ਬੱਚੇ-ਬੱਚੀਆਂ ਖ਼ੁਸ਼ ਹਨ।
ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ਼ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ ਅਤੇ ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ।ਰੀਤ ਮੁਤਾਬਿਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ।ਕੁੜੀਆਂ ਹੱਥਾਂ ‘ਤੇ ਮਹਿੰਦੀ ਲਾਉਦੀਆਂ ਹਨ ਤੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ।ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ‘ਤੇ ਜਾਂਦੀਆਂ ਹਨ।ਪਿੱਪਲਾਂ, ਟਾਹਲੀਆਂ, ਬੋਹੜਾਂ (ਬਰੋਟਿਆਂ) `ਤੇ ਪੀਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਹਨ-

ਆਇਆ ਮਹੀਨਾ ਸਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ
ਪਿੱਪਲੀਂ ਪੀਘਾਂ ਪਾਉਣ ਦਾ
ਆਇਆ ਮਹੀਨਾ ਸਾਉਣ ਦਾ।

ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ, ਗੱਡੀ ਨੂੰ ਖ਼ਾਲੀ ਮੋੜ ਵੇ, ਅਸਾਂ ਨੀ ਸੌਹਰੇ—।

ਸਿੰਘਾਂ ਵੇ ਮੇਰੇ ਨਾਨਕੀਂ,
ਮੈਂ ਤੀਆਂ ਵੇਖਣ ਜਾਣਾ।

ਆਇਆ ਸਾਉਣ ਦਾ ਮਹੀਨਾ, ਮੈਨੂੰ ਚਾਅ ਕੁੜੀਓ।
ਲੈਣ ਆਇਆ ਮੈਨੂੰ, ਮੇਰਾ ਨੀ ਭਰਾ ਕੁੜੀਓ।
ਪੇਕੇ ਜਾ ਸਹੇਲੀਆਂ ਦੇ, ਨਾਲ ਅਸਾਂ ਹੱਸਣਾ।
ਦੁੱਖ ਸੁੱਖ ਪੁੱਛਣਾ ਤੇ, ਆਪਣਾ ਮੈਂ ਦੱਸਣਾ।
ਅਸਾਂ ਮਾਹੀਏ ਨੂੰ ਵੀ, ਲਿਆ ਏ ਮਨਾ ਕੁੜੀਓ।
ਲੈਣ ਆਇਆ, ਮੈਨੂੰ ਮੇਰਾ ਨੀ ਭਰਾ ਕੁੜੀਓ।

ਕਈ ਕੁੜੀਆਂ ਤੀਆਂ ਦੇ ਦਿਨਾਂ `ਚ ਪੇਕੇ ਨਹੀਂ ਆਉਂਦੀਆਂ, ਉਨ੍ਹਾਂ ਨੂੰ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਸੰਧਾਰੇ ਵਿੱਚ ਕੁੜੀ ਦਾ ਤਿਓਰ (ਸੂਟ), ਚੂੜੀਆਂ, ਰੰਗਲੀ ਮਹਿੰਦੀ, ਰੇਸ਼ਮ ਦੀ ਲੱਜ਼, ਮਠਿਆਈ, ਸ਼ਗਨ ਵਜੋਂ ਪੈਸੇ, ਸੱਸ, ਨਣਦ ਅਤੇ ਜੁਆਈ ਦੇ ਕੱਪੜੇ ਹੁੰਦੇ ਹਨ।ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਤੀਆਂ ਦਾ ਸੰਧਾਰਾ ਸਹੁਰੇ ਘਰੋਂ ਆਉਂਦਾ ਹੈ।
ਪੁੰਨਿਆਂ ਵਾਲੇ ਦਿਨ ਵੱਅਲੋ (ਬੱਲੋ) ਪਾਈ ਜਾਂਦੀ ਹੈ।ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਅਤੇ ਦੁੱਬ (ਹਰਾ ਘਾਹ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂੰ ਹਰਿਆ-ਭਰਿਆ ਰਹੇ।ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਕਹਿੰਦੀਆਂ ਹਨ।

ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਵੇ,
ਸਾਉਣ ਵੀਰ …….
ਤੀਆਂ ਤੀਜ਼ ਦੀਆਂ, ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ਼ ਦੀਆਂ …….
3007302301

ਪੰਜਾਬੀ ਅਧਿਆਪਕ ਜਸਵਿੰਦਰ ਸਿੰਘ,
ਸ਼ਾਹਪੁਰ ਕਲਾਂ, ਸ.ਹ.ਸ ਕਿਲਾ ਭਰੀਆਂ।
ਮੋ – 9815327917

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …