ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਐਮ.ਪੀ.ਲੈਡ ਫੰਡਾਂ ਦੀ ਗਰਾਂਟ ਜਾਰੀ ਕਰਨ ਵਿੱਚ ਦੇਰੀ ਹੋਣ ਸਬੰਧੀ ਜਿਲ੍ਹਾ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਫੰਡ ਦੀਆਂ ਗਰਾਟਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਔਜਲਾ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਰਕੇ ਹੜ੍ਹ ਅਤੇ ਭਾਰੀ ਮੀਂਹ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੱਕੀ ਨਾਲਾ, ਬੁੱਢਾ ਨਾਲਾ, ਤੁੰਗਢਾਬ ਡਰੇਨ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਤੁੰਗਢਾਬ ਡਰੇਨ ਕਾਫੀ ਪ੍ਰਦੂਸ਼ਿਤ ਹੋ ਰਹੀ ਨੂੰ ਬਚਾਉਣ ਲਈ ਪ੍ਰਾਜੈਕਟ ਤਿਆਰ ਕੀਤਾ ਜਾਵੇ।ਉਨ੍ਹਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਫੋਕਲ ਪੁਆਇੰਟ ਵਿਖੇ ਸੀਵਰੇਜ਼ ਟਰੀਟਮੈਂਟ ਪਲਾਂਟ ਚਾਲੂ ਕਰਵਾਇਆ ਜਾਵੇ।ਝਬਾਲ ਰੋਡ ‘ਤੇ ਗੰਦੇ ਨਾਲੇ ਅਤੇ ਹੋਰ ਨਾਲਿਆਂ ਕਾਰਨ ਧਰਤੀ ਹੇਠਲਾ ਪਾਣੀ ਗੰਦਲਾ ਹੋ ਰਿਹਾ ਹੈ।ਜਿਸ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਜਲਦ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕ ਬਿਮਾਰੀਆਂ ਦੀ ਗ੍ਰਿਫਤ ਤੋਂ ਆਉਣ ਤੋਂ ਬਚ ਸਕਣ।
ਸਬੰਧਤ ਅਧਿਕਾਰੀਆਂਨੇ ਵਿਸ਼ਵਾਸ਼ ਦਿਵਾਇਆ ਕਿ ਤੁੰਗਢਾਬ ਡਰੇਨ ਦਾ ਪ੍ਰਾਜੈਕਟ ਜਲਦੀ ਹੀ ਤਿਆਰ ਕਰ ਲਿਆ ਜਾਵੇਗਾ ਅਤੇ ਧਰਤੀ ਵਿੱਚ ਗੰਦਾ ਪਾਣੀ ਮਿਕਸ ਕਰਨ ਵਾਲੇ ਫੈਕਟਰੀ ਮਾਲਕਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਇਸ ਸਬੰਧੀ ਪ੍ਰਦੂਸ਼ਣ ਵਿਭਾਗ ਨੂੰ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਸ੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ, ਸੰਦੀਪ ਮਲਹੋਤਰਾ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸੰਦੀਪ ਸ਼ਰਮਾ ਡਿਪਟੀ ਡਾਇਰੈਕਟਰ ਉਪ ਅਰਥ ਅੰਕੜਾ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।