Thursday, March 27, 2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓੜੀ ਦੇ ਅੰਦਰੂਨੀ ਹਿੱਸੇ ਦੀ ਕਾਰਸੇਵਾ ਸ਼ੁਰੂ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓੜੀ ਦੀ ਮੁਰੰਮਤ ਦੀ ਕਾਰਸੇਵਾ ਅੱਜ ਅਰਦਾਸ ਉਪਰੰਤ ਆਰੰਭ ਹੋਈ। ਸੇਵਾ ਦੀ ਆਰੰਭਤਾ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਬਾਬਾ ਪ੍ਰਦੀਪ ਸਿੰਘ ਬੋਰੇ ਵਾਲੇ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓੜੀ ਦੀ ਮੁਰੰਮਤ ਨੂੰ ਲੈ ਕੇ ਅੰਤ੍ਰਿੰਗ ਕਮੇਟੀ ਨੇ ਫੈਸਲਾ ਕੀਤਾ ਸੀ।ਇਹ ਸੇਵਾ ਬਾਬਾ ਪ੍ਰਦੀਪ ਸਿੰਘ ਬੋਰੇ ਵਾਲਿਆਂ ਨੂੰ ਸੌਂਪੀ ਗਈ।ਉਨ੍ਹਾਂ ਕਿਹਾ ਕਿ ਦਰਸ਼ਨੀ ਡਿਓੜੀ ਦੇ ਅੰਦਰੂਨੀ ਹਿੱਸੇ ਦੀ ਮੁਰੰਮਤ ਪੁਰਾਤਨ ਦਿੱਖ ਅਨੁਸਾਰ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਰਸ਼ਨੀ ਡਿਓੜੀ ਦੇ ਅੰਦਰ ਹੋਈ ਮੀਨਾਕਾਰੀ ਨੂੰ ਹੂਬਹੂ ਉਸੇ ਤਰ੍ਹਾਂ ਹੀ ਸੁਰੱਖਿਅਤ ਰੱਖਿਆ ਜਾਵੇਗਾ, ਜਿਸ ਕਾਰਜ ਲਈ ਰਾਜਸਥਾਨ ਦੇ ਕਾਰੀਗਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਰਸ਼ਨੀ ਡਿਓੜੀ ਦੇ ਬਾਹਰ ਪਿੱਤਲ ਦੇ ਜੰਗਲਿਆਂ ਦੀ ਵੀ ਕਾਰ ਸੇਵਾ ਕਰਵਾਈ ਜਾ ਰਹੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਮਰਜੀਤ ਸਿੰਘ ਬੰਡਾਲਾ, ਰਾਮਪਾਲ ਸਿੰਘ ਬਹਿਣੀਵਾਲ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਅਜੀਤ ਸਿੰਘ ਘੁੱਕੇਵਾਲੀ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਜੇ.ਈ ਸ਼ਮਸ਼ੇਰ ਸਿੰਘ ਤੇ ਹੋਰ ਮੌਜੂਦ ਸਨ।

Check Also

ਦਯਾਨੰਦ ਆਈ.ਟੀ.ਆਈ ‘ਚ ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਜੀਵਨ ਅਤੇ ਬਲਿਦਾਨ …