ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਬੀਤੇ ਦਿਨਾਂ ‘ਚ ਭਾਰੀ ਬਰਸਾਤ ਨਾਲ ਨੀਵੇਂ ਇਲਾਕਿਆਂ ਵਿਚ ਮਾਰੀ ਗਈ ਝੋਨੇ ਦੀ ਫਸਲ ਦੀ ਦੁਬਾਰਾ ਬਿਜ਼ਾਈ ਲਈ 200 ਏਕੜ ਰਕਬੇ ਵਾਸਤੇ ਝੋਨੇ ਦੀ ਪਨੀਰੀ ਤਿਆਰ ਕਰਨ ਵਾਲੇ ਕਿਸਾਨ ਹਰਜੀਤ ਸਿੰਘ ਨੂੰ ਸਾਬਾਸ਼ ਦੇਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਉਸ ਦੇ ਪਿੰਡ ਖੱਬੇ ਰਾਜਪੂਤਾਂ ਪੁੱਜੇ। ਡਿਪਟੀ ਕਮਿਸ਼ਨਰ ਨੇ ਕਿਸਾਨ ਦੀ ਸਿਫਤ ਕਰਦੇ ਕਿਹਾ ਕਿ ਸੰਕਟ ਦੇ ਸਮੇਂ ਜਿਸ ਤਰਾਂ ਪੰਜਾਬ ਦੇ ਲੋਕਾਂ ਨੇ ਇਕ-ਦੂਸਰੇ ਦਾ ਦੁੱਖ ਵੰਡਾਇਆ ਹੈ, ਉਹ ਸਮੁੱਚੇ ਦੇਸ਼ ਲਈ ਵੱਡੀ ਮਿਸਾਲ ਹੈ।ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ ‘ਤੇ ਚੱਲਕੇ ਇਸ ਤਰਾਂ ਜੇਕਰ ਆਪਾਂ ਕਿਸੇ ਵੀ ਦੁਖੀ ਦੀ ਬਾਂਹ ਫੜ ਲਈਏ ਤਾਂ ਰਾਜ ਵਿਚ ਕੋਈ ਦੁੱਖੀ ਵਿਅਕਤੀ ਹੀ ਨਹੀਂ ਰਹੇਗਾ।ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੀਂਹ ਤੋਂ ਬਾਅਦ ਪੈਦਾ ਹੋਈ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਤੇ ਚੇਅਰਮੈਨ ਗੁਰਵਿੰਦਰ ਸਿੰਘ ਮਹਿਤਾ ਦੇ ਯਤਨਾਂ ਨਾਲ ਵਿਭਾਗ ਨੇ ਇਸ ਕਿਸਾਨ ਦੇ ਖੇਤਾਂ ਵਿਚ ਝੋਨੇ ਦੀ ਦੇਰੀ ਨਾਲ ਲੱਗਣ ਵਾਲੀਆਂ ਕਿਸਮਾਂ 1509 ਅਤੇ 1121 ਦੀ 200 ਏਕੜ ਰਕਬੇ ਵਾਸਤੇ ਪਨੀਰੀ ਤਿਆਰ ਕਰਵਾਈ, ਜੋ ਕਿ ਹੁਣ ਉਨਾਂ ਕਿਸਾਨਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ, ਜਿੰਨਾ ਦੀ ਫਸਲ ਮੀਂਹ ਨਾਲ ਖਰਾਬ ਹੋਈ ਸੀ।ਉਨਾਂ ਦੱਸਿਆ ਕਿ ਇਸ ਲਈ ਅੰਮਿ੍ਰਤਸਰ ਦੀ ਸੀਡ ਐਸੋਸੀਏਸ਼ਨ ਨੇ ਵੀ ਸਾਡਾ ਸਾਥ ਦਿੱਤਾ ਤੇ ਕਰੀਬ 7 ਕੁਇੰਟਲ ਬੀਜ ਇਸ ਪਨੀਰੀ ਲਈ ਦਿੱਤਾ।ਗਿਲ ਨੇ ਕਿਸਾਨ ਹਰਜੀਤ ਸਿੰਘ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਦੀ ਸਿਫਤ ਕਰਦੇ ਕਿਹਾ ਕਿ ਇੰਨਾ ਦੀ ਬਦੌਲਤ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਮੁੜ ਪੈਰਾਂ ਉਤੇ ਖੜਾ ਕਰਨ ਦੀ ਕੋਸ਼ਿਸ਼ ਕਰ ਸਕੇ ਹਾਂ।ਗਿਲ ਨੇ ਕਿਹਾ ਕਿ ਇਹ ਕੋਸ਼ਿਸ਼ ਕਈ ਕਿਸਾਨਾਂ ਦੀ ਸਮੇਂ ਮਾਰ ਨੂੰ ਰੋਕੇਗੀ। ਉਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜਿਸ ਵੀ ਕਿਸਾਨ ਨੂੰ ਇਹ ਪੀਨੀਰ ਚਾਹੀਦੀ ਹੋਵੇ ਉਹ ਆਪਣੇ ਇਲਾਕੇ ਦੇ ਖੇਤੀ ਅਧਿਕਾਰੀ ਨਾਲ ਗੱਲ ਕਰੇ।
ਇਸ ਮੌਕੇ ਖੇਤੀ ਅਧਿਕਾਰੀ ਬਲਵਿੰਦਰ ਸਿੰਘ ਛੀਨਾ, ਤਜਿੰਦਰ ਸਿੰਘ, ਰਛਪਾਲ ਸਿੰਘ ਬੰਡਾਲਾ, ਸਿਮਰਨਜੀਤ ਸਿੰਘ ਮਹਿਤਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …