ਸਮਰਾਲਾ, 23 ਅਗਸਤ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਗਏ ਮਾ. ਤਰਲੋਚਨ ਸਿੰਘ ਸਮਰਾਲਾ ਨਮਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਸ਼ਾਮਗੜ੍ਹ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ।ਸਮਾਰੋਹ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜਮਹੂਰੀ, ਇਨਕਲਾਬੀ, ਤਰਕਸ਼ੀਲ, ਸੱਭਿਆਚਾਰਕ, ਸਾਹਿਤਕ, ਰੰਗ ਮੰਚ, ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅਤੇ ਸਰਗਰਮ ਕਾਰਕੁੰਨ ਆਪੋ ਆਪਣੀਆਂ ਜਥੇਬੰਦੀਆਂ ਦੇ ਸੈਂਕੜੇ ਸ਼ੋਕ ਮਤੇ ਲੈ ਕੇ ਸਮਾਗਮ ਵਿੱਚ ਪੁੱਜੇ।ਪਾਠ ਦੇ ਭੋਗ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਣ ਸਿੰਘ, ਇਨਕਲਾਬੀ ਆਗੂ ਸੁਖਦਰਸ਼ਨ ਨੱਤ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਗੁਰਇਕਬਾਲ ਸਿੰਘ ਤੂਰ ਅਤੇ ਲੋਕ ਵਿਰਸਾਤ ਅਕੈਡਮੀ ਦੇ ਚੇਅਰਮੈਨ ਗੁਰਭਜਨ ਗਿੱਲ, ਲੇਖਕ ਮੁਖਤਿਆਰ ਸਿੰਘ, ਪ੍ਰਸਿੱਧ ਗਾਇਕ ਬੱਬੂ ਮਾਨ, ਗੁਰਦੁਆਰਾ ਸਾਹਿਬ ਦੇ ਊਰਜਾਵਾਨ ਪ੍ਰਧਾਨ ਗੁਰਮੀਤ ਸਿੰਘ ਆਦਿ ਨੇ ਮਾ. ਤਰਲੋਚਨ ਸਿੰਘ ਦੇ ਜੀਵਨ, ਇਨਕਲਾਬੀ ਸੋਚ, ਪਲਸ ਮੰਚ, ਤਰਕਸ਼ੀਲ ਸੁਸਾਇਟੀ ਵਿੱਚ ਪਾਏ ਨਿੱਗਰ ਯੋਗਦਾਨ, ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਸੋਚ ਨੂੰ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਪੇਂਡੂ ਖੇਤਰਾਂ ਵਿੱਚ ਜਾ ਕੇ ਨਾਟਕ ਮੰਚਨ, ਅਧਿਆਪਕਾਂ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਘੋਲ਼ਾਂ ਵਿੱਚ ਪਾਏ ਨਿੱਗਰ ਯੋਗਦਾਨ ਨੂੰ ਰੱਜ ਕੇ ਸਲਾਹਿਆ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਬੇਸ਼ੱਕ ਮਾਸਟਰ ਜੀ ਸਾਡੇ ਵਿੱਚ ਜਿਸਮਾਨੀ ਤੌਰ ‘ਤੇ ਨਹੀਂ ਰਹੇ, ਪ੍ਰੰਤੂ ਉਨ੍ਹਾਂ ਦੀ ਵਿਚਾਰਧਾਰਾ ਹਮੇਸ਼ਾ ਸਾਡੇ ਅੰਗ ਸੰਗ ਰਹੇਗੀ ਅਤੇ ਅਸੀਂ ਮਾਸਟਰ ਜੀ ਦੇ ਸੁਪਨਿਆਂ ਦਾ ਸਿਸਟਮ ਉਸਾਰਨ ਲਈ ਆਪਣੀ ਪ੍ਰਬੱਧਤਾ ਉਪਰ ਕਾਇਮ ਰਹਿਣਾ ਹੈ।ਨਵਜੋਤ ਸਿੰਘ ਗਰਗ ਜੈਨਕੋ ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਸਾਡੇ ਲਈ ਹਮੇਸ਼ਾਂ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਰਹਿਣਗੀਆਂ।
ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੀ ਤਰਫੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਸੰਬੋਧਨ ਵਿੱਚ ਮਾਸਟਰ ਜੀ ਦੀ ਯਾਦ ਉਸਾਰਨ ਖਾਤਰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਹਲਕਾ ਇੰਚਾਰਜ਼ ਸਮਰਾਲਾ, ਰਾਜ ਗਿੱਲ ਵੀ ਹਾਜ਼ਰ ਸਨ।
ਇਸ ਵੇਲੇ ਸ਼ਾਹੀ ਸਪੋਰਟਸ ਕਾਲਜ ਝਕੜੌਦੀ ਦੇ ਐਮ.ਡੀ ਗੁਰਵੀਰ ਸਿੰਘ ਸ਼ਾਹੀ ਨੇ ਮਾਸਟਰ ਜੀ ਨਾਲ ਆਪਣੇ ਮੁੱਲਵਾਨ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਆਡੀਟੋਰੀਅਮ ਉਸਾਰਨ ਲਈ ਆਪਣੀ ਸੁਸਾਇਟੀ ਵਲੋਂ ਇੱਕ ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ।ਮਾਸਟਰ ਜੀ ਦੇ ਬੇਟੇ ਹਰਮਨਪ੍ਰੀਤ ਨੇ ਅੱਖਾਂ ਵਿੱਚ ਅੱਥਰੂ ਲੈ ਕੇ ਪਿਤਾ ਵਲੋਂ ਪਰਿਵਾਰ ਦੇ ਸਰਵਪੱਖੀ ਵਿਕਾਸ ਲਈ ਪਾਏ ਭਰਵੇਂ ਯੋਗਦਾਨ ਨੂੰ ਬੇਹੱਦ ਭਾਵੁਕਤਾ ਨਾਲ ਬਿਆਨਿਆ।
ਲੇਖਕ ਮੰਚ (ਰਜਿ.) ਸਮਰਾਲਾ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਮਾਸਟਰ ਜੀ ਨਾਲ ਆਪਣੀ ਲੰਮੀਂ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਸੋਚ ਨੂੰ ਬਾਰ ਬਾਰ ਪ੍ਰਣਾਮ ਕੀਤਾ।ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਜਿਥੇ ਅਨੇਕਾਂ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ, ਓਥੇ ਉਨ੍ਹਾਂ ਦੇ ਪਰਿਵਾਰ ਵਲੋਂ ਸਮੂਹ ਸੰਗਤਾਂ ਅਤੇ ਸਮੂਹ ਜਥੇਬੰਦੀਆਂ ਅਤੇ ਸਿਆਸੀਆਂ ਆਗੂਆਂ ਦਾ ਧੰਨਵਾਦ ਕੀਤਾ।
ਉਪਰੋਕਤ ਤੋਂ ਇਲਾਵਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਨਾਟਕਕਾਰ ਰਾਜਵਿੰਦਰ, ਐਡਵੋਕੇਟ ਨਰਿੰਦਰ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ, ਬਲਬੀਰ ਸਿੰਘ ਰਾਜੇਵਾਲ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਨਗਰਪਾਲਿਕਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਸਮਾਜਵਾਦੀ ਪਾਰਟੀ ਦੇ ਡਾ. ਸੋਹਣ ਲਾਲ ਬਲੱਗਣ, ਤਰਕਸ਼ੀਲ ਆਗੂ ਰਾਜਿੰਦਰ ਭਦੌੜ ਅਤੇ ਮਾ. ਰਾਮ ਕੁਮਾਰ ਸੰਗੀਤਕਾਰ ਆਪਣੇ ਸਾਥੀਆਂ ਸਮੇਤ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ, ਡਾ. ਅੰਬੇਦਕਰ ਮਿਸ਼ਨ ਸਮਰਾਲਾ ਦੇ ਧਰਮਜੀਤ ਸਿੰਘ, ਸੀ.ਪੀ.ਐਮ ਦੇ ਕਾਮਰੇਡ ਭਜਨ ਸਿੰਘ ਸਮਰਾਲਾ, ਹਰਬੰਸ ਸਿੰਘ ਪੰਧੇਰ, ਹਰਬੰਸ ਮਾਲਵਾ, ਨਾਮਧਾਰੀ ਦਰਬਾਰ ਵਲੋਂ ਸਤਿਕਾਰਯੋਗ ਹਰਪਾਲ ਸਿੰਘ ਸੇਵਕ, ਬੀਬਾ ਬਲਜਿੰਦਰ ਕੌਰ (ਮੈਂ ਧਰਤੀ ਪੰਜਾਬ ਦੀ) ਨੇ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ।
ਦੀਪ ਦਿਲਬਰ ਅਤੇ ਮਾ. ਆਤਮਾ ਸਿੰਘ ਨੇ ਮਾਸਟਰ ਜੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਿਥੋਂ ਪਾਠਕਾਂ ਨੇ ਵੱਡੀ ਗਿਣਤੀ ‘ਚ ਉਨ੍ਹਾਂ ਦੀਆਂ ਕਿਤਾਬਾਂ ਖਰੀਦੀਆਂ।ਇਲਾਕੇ ਦੀਆਂ ਸਾਹਿਤ ਸਭਾਵਾਂ ਅਤੇ ਤਰਕਸ਼ੀਲ ਸੁਸਾਇਟੀ ਦੀਆਂ ਇਕਾਈਆਂ ਨੇ ਆਪਣੇ ਆਗੂਆਂ ਤੇ ਕਾਰਕੁੰਨਾਂ ਸਮੇਤ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਮਾਸਟਰ ਜੀ ਨੇ ਸਾਰੀ ਨੌਕਰੀ ਦੌਰਾਨ ਜਿਹੜੇ ਜਿਹੜੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਾਇਆ ਉਨ੍ਹਾਂ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ‘ਚ ਪਹੁੰਚੇ ਹੋਏ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …