Tuesday, April 21, 2026

ਖ਼ਾਲਸਾ ਕਾਲਜ ਦੀ ਪਲੇਠੀ ਦੀ ‘ਐਲੂਮਨੀ ਮੀਟ-2014’ ਯਾਦਗਾਰੀ ਹੋ ਨਿਬੜੀ

ਸਾਬਕਾ ਵਿਦਿਆਰਥੀਆਂ ਨੇ ‘ਮੀਟ’ ਦੌਰਾਨ ਤਾਜ਼ੀਆਂ ਕੀਤੀਆਂ ‘ਅਭੁੱਲ ਯਾਦਾਂ’
ਸਾਬਕਾ ਵਿਦਿਆਰਥੀ ਅਮਰਿੰਦਰ ਗਿੱਲ, ਲਖਵਿੰਦਰ ਵਡਾਲੀ ਤੇ ਹਾਸਰਸ ਕਲਾਕਾਰ ਰਾਜੀਵ ਠਾਕੁਰ ਨੇ ਸਰੋਤਿਆਂ ਨੂੰ ਕੀਲਿਆ

PPN2212201401
ਅੰਮ੍ਰਿਤਸਰ, 22 ਦਸੰਬਰ (ਪ੍ਰੀਤਮ ਸਿੰਘ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ਸਾਬਕਾ ਵਿਦਿਆਰਥੀਆਂ ਦੀ ਮਿਲਨੀ ‘ਐਲੂਮਨੀ ਮੀਟ-2014’ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਦੋਂ ਇੱਥੇ ਪਹੁੰਚੇ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੀਆਂ ‘ਅਭੁੱਲ ਯਾਦਾਂ’ ਸਾਂਝੀਆਂ ਕੀਤੀਆਂ। ਦੇਸ਼-ਵਿਦੇਸ਼ ਤੋਂ ਆਏ ਸਾਬਕਾ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਇਕ-ਦੁੂਜੇ ਨਾਲ ਇੱਥੇ ਬਿਤਾਏ ਸਮੇਂ ਬਾਰੇ ਸਾਂਝਾਂ ਪਾਈਆਂ ਅਤੇ ਆਪਣੇ ‘ਮਾਤਾਈ ਅਦਾਰੇ’ ਦੀ ਵਿੱਦਿਅਕ ਅਤੇ ਸੱਭਿਆਚਾਰਕ ਸਰਵਉੱਚਤਾ ਲਈ ਹਮੇਸ਼ਾਂ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ।
ਅੱਜ ਸਵੇਰ ਤੋਂ ਹੀ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਕੋਈ 450 ਦੇ ਕਰੀਬ ਸਾਬਕਾ ਵਿਦਿਆਰਥੀ ਇਸ ਪਲੇਠੀ ਦੀ ਮਿਲਣੀ ਵਾਸਤੇ ਪਹੁੰਚੇ।ਕਲਾਕਾਰ ਤੇ ਪੱਤਰਕਾਰ ਜਸਵੰਤ ਸਿੰਘ ਜੱਸ, ਕਿਰਪਾਲ ਸਿੰਘ, ਬਰਿੰਦਰ ਸਿੰਘ, ਪੰਜਾਬ ਪੋਸਟ ਰੋਜਾਨਾ ਅਖਬਾਰ ਦੇ ਮੁੱਖ ਸੰਪਾਦਕ ਜਸਬੀਰ ਸਿੰਘ ਸੱਗੂ, ਕੁਲਜੀਤ ਸਿੰਘ (ਸਿੰਘ ਬ੍ਰਦਦਰਜ਼), ਕੁਲਵੰਤ ਸਿੰਘ ਅਣਖੀ, ਇੰਜ: ਜਸਵੰਤ ਸਿੰਘ ਗਿੱਲ, ਸੁਖਦੀਪ ਸਿੰਘ ਸਿੱਧੂ ਆਦਿ ਪ੍ਰਮੁੱਖ ਸਨ।ਸਭ ਤੋਂ ਵੱਧ ਸੀਨੀਅਰ 45 ਦੇ ਕਰੀਬ ਸਾਬਕਾ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿੱਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਉੱਪ ਕੁਲਪਤੀ ਡਾ. ਖੇਮ ਸਿੰਘ ਗਿੱਲ, ਮੌਜ਼ੂਦਾ ਉੱਪ ਕੁਲਪਤੀ ਡਾ. ਬੀ. ਐੱਸ. ਢਿੱਲੋਂ, ਸੀਨੀਅਰ ਆਈ. ਪੀ. ਅਫ਼ਸਰ ਹਰਜੀਤ ਸਿੰਘ ਸੰਧੂ ਅਤੇ ਅਰਜਨਟੀਨਾ ਤੋਂ ਆਏ ‘ਮੂੰਗਫਲੀ ਦੇ ਕਿੰਗ’ ਸਿਮਰਪਾਲ ਸਿੰਘ, ਮਹਿੰਦਰ ਸਿੰਘ ਸਰਕਾਰੀਆ, ਉੱਘੇ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ, ਬਲਵਿੰਦਰ ਸਿੰਘ ਐਦਨ, ਪ੍ਰੋ: ਮੋਹਨ ਸਿੰਘ ਆਦਿ ਸ਼ਾਮਲ ਸਨ।

PPN2212201402
ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਪੰਜਾਬੀ ਗਾਇਕ, ਅਦਾਕਾਰ ਅਮਰਿੰਦਰ ਗਿੱਲ, ਪੰਜਾਬੀ ਗਾਇਕ ਲਖਵਿੰਦਰ ਵਡਾਲੀ ਅਤੇ ਹਾਸਰਸ ਕਲਾਕਾਰ ਰਾਜੀਵ ਠਾਕੁਰ ਨੇ ਆਪਣੀ ਕਲਾਕਾਰੀ ਰਾਹੀਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਇਸ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਨਿਹਾਰਿਆ। ਉਨ੍ਹਾਂ ਨੇ ਕਬੱਡੀ ਦੇ ਇਕ ਸ਼ੋਅ ਮੈਚ ਨੂੰ ਵੇਖਿਆ ਅਤੇ ਕੈਂਪਸ ਦੇ ਵਿਹੜੇ ਵਿੱਚ ਆਪਣੀਆਂ ਕਲਾਸਾਂ, ਹੋਸਟਲਾਂ ਅਤੇ ਕੰਟੀਨ ਵਿੱਚ ਬਿਤਾਏ ਪੁਰਾਣੇ ਸਮੇਂ ਨੂੰ ਯਾਦ ਕਰਨ ਲਈ ਇਕ ਫੇਰੀ ਵੀ ਪਾਈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਚਾਂਸਲਰ ਸ: ਰਾਜਮਹਿੰਦਰ ਸਿੰਘ ਮਜੀਠਾ, ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ, ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆ ਉਨ੍ਹਾਂ ਨੂੰ ਕਾਲਜ ਦੇ ‘ਅੰਮਬੈਸਡਰ’ ਦੱਸਿਆ। ਸ: ਛੀਨਾ ਨੇ ਇਸ ਮੌਕੇ ਇਹ ਐਲਾਨ ਕੀਤਾ ਕਿ ਇਹ ਐਲੂਮਨੀ ਮੀਟ ਹਰ ਸਾਲ ਕਾਲਜ ਦੇ ਵਿਹੜੇ 22 ਦਸੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਵਿਦੇਸ਼ਾਂ ਤੋਂ ਕਾਲਜ ਪਹੁੰਚਣ ਦੀ ਤਮੰਨਾ ਜਾਹਿਰ ਕੀਤੀ ਸੀ ਪਰ ਕਿਸੇ ਕਾਰਨ ਉਹ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਹੋਵੇਗੀ ਅਗਲੇ ਸਾਲ ਵੱਧ ਤੋਂ ਵੱਧ ਵਿਦਿਆਰਥੀ ਬਾਹਰਲੇ ਦੇਸ਼ਾਂ ਤੋਂ ਇੱਥੇ ਪਹੁੰਚਣ।
ਸਾਬਕਾ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਸੰਦੇਸ਼ਾਂ ਰਾਹੀਂ ਆਪਣੀਆਂ ਕਾਮਯਾਬੀਆਂ ਨੂੰ ਕਾਲਜ ਵਿਖੇ ਪ੍ਰਾਪਤ ਕੀਤੀ ਵਿੱਦਿਆ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਲਜ ਅਤੇ ਇਸਦੀਆਂ ਦੂਸਰੀਆਂ ਸੰਸਥਾਵਾਂ ਦੇ ਵਿਸਥਾਰ ਲਈ ਆਪਣਾ ਯੋਗਦਾਨ ਪਾਉਣ ਦੀ ਵਚਨਬੱਧਤਾ ਦੁਹਰਾਈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਮਿਲਨੀ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵੇਲੇ ਦੀ ਅਭੁੱਲ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੇਸ਼-ਵਿਦੇਸ਼ ਵਿੱਚ ਵੱਸ ਰਹੇ ਤੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਨਿਯਮਤ ਸੱਦਾ ਭੇਜਿਆ ਗਿਆ ਸੀ। ਐਲੂਮਨੀ ਮੀਟ ਵਿੱਚ ਪੁੱਜੇ ਕਈ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ਵਿੱਚ ਬੀਤੇ ਸੁਨਿਹਰੀ ਪਲਾਂ ਨੂੰ ਯਾਦ ਕਰਦਿਆ ਅੱਜ ਦੇ ਇਤਿਹਾਸਕ ਸਮੇਂ ਨੂੰ ਕੈਮਰਿਆਂ ਵਿੱਚ ਕੈਦ ਵੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਐਲੂਮਨੀ ਮੀਟ ਵਿੱਚ ਪੰਜਾਬੀ ਵਿਰਸੇ ਦੇ ਵੱਖੋ-ਵੱਖ ਰੰਗ ਜਿਵੇਂ ਵਿਰਾਸਤੀ ਖਾਣੇ, ਵਿਰਾਸਤੀ ਖੇਡਾਂ ਤੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੇਖਣ ਨੂੰ ਮਿਲਿਆ।ਇਸ ਮੌਕੇ ਵਿੱਤ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਨ, ਸ: ਸੁਖਦੇਵ ਸਿੰਘ ਅਬਦਾਲ, ਸ: ਰਾਜਬੀਰ ਸਿੰਘ, ਸ: ਨਿਰਮਲ ਸਿੰਘ, ਸ: ਰਾਜਬੀਰ ਸਿੰਘ, ਮੈਂਬਰ ਸ: ਅਨੂਪ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਹਰਮਿੰਦਰ ਸਿੰਘ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰ: ਆਰ. ਕੇ. ਧਵਨ, ਪ੍ਰਿੰ: ਐੱਸ. ਕੇ. ਜੰਡ, ਪ੍ਰਿੰ: ਅਮਰਪਾਲ ਸਿੰਘ, ਪ੍ਰਿੰ: ਨਿਰਮਲ ਸਿੰਘ ਭੰਗੂ, ਪ੍ਰਿੰ: ਡਾ. ਸਰਵਜੀਤ ਕੌਰ ਬਰਾੜ, ਪ੍ਰਿੰ: ਦੇਵਿੰਦਰ ਕੌਰ, ਸੰਧੂ, ਪ੍ਰਿੰ: ਗੁਰਿੰਦਰਜੀਤ ਕੰਬੋਜ ਆਦਿ ਤੋਂ ਇਲਾਵਾ ਕਈ ਅਹਿਮ ਸਖ਼ਸ਼ੀਅਤਾਂ, ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਦੇ ਨਵੀਨੀਕਰਨ ਮਗਰੋਂ ਐਡਵੋਕੇਟ ਧਾਮੀ ਵੱਲੋਂ ਉਦਘਾਟਨ

ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਗੁਰਦੁਆਰਾ …

Leave a Reply