Tuesday, July 23, 2024

ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਏਸ਼ੀਅਨ ਗੇਮਜ਼ ’ਚ ਦਿਵਾਇਆ ਟੀਮ ਗੋਲਡ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਿਦਿਆਰਥੀ ਦਿਵਿਆਂਸ਼ ਸਿੰਘ ਪਨਵਰ ਨੇ ਚੀਨ ਵਿਖੇ 23 ਸਤੰਬਰ ਤੋਂ 8 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਏਸ਼ੀਅਨ ਗੇਮਜ਼-2023 ’ਚ ਨਿਸ਼ਾਨੇਬਾਜ਼ੀ (ਸ਼ੂਟਿੰਗ) ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਗੋਲਡ ਹਾਸਲ ਕਰਕੇ ਕਾਲਜ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾ ਰੌਸ਼ਨ ਕੀਤਾ ਹੈ।ਜ਼ਿਕਰਯੋਗ ਹੈ ਕਿ ਬੀਤੇ ਸਮੇਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪਲੇਅਰ ਦਿਵਿਆਂਸ਼ ਪਨਵਰ ਵੱਲੋਂ ਉਚ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ’ਚ ਸੋਨਾ ਅਤੇ ਚਾਂਦੀ ਦੇ ਤਮਗੇ ਹਾਸਲ ਕਰਨ ’ਤੇ ਹੌਂਸਲਾ ਅਫ਼ਜਾਈ ਵਜੋਂ 1 ਲੱਖ ਰੁਪਏ ਦਾ ਚੈਕ ਭੇਟ ਕਰਕੇ ਸਨਮਾਨਿਤ ਕੀਤਾ ਸੀ।
ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੂੰ ਵਿਦਿਆਰਥੀ ਦੀ ਇਸ ਉਪਲੱਬਧੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਤਿਹਾਸ ’ਚ ਪਹਿਲੀ ਵਾਰ ਹੈ ਕਿ ਦਿਵਿਆਂਸ਼ ਨੇ ਸ਼ੂਟਿੰਗ ’ਚ ਆਪਣੇ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਟੀਮ ਨੂੰ ਗੋਲਡ ਦਿਵਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ।ਉਨ੍ਹਾਂ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਇਸ ਤੋਂ ਇਲਾਵਾ ਉਕਤ ਗੇਮਜ਼ ਲਈ ਚੁਣੀਆਂ ਗਈਆਂ ਬੀ.ਏ ਸਮੈਸਟਰ ਪਹਿਲਾਂ ਦੀਆਂ ਵਿਦਿਆਰਥਣਾਂ ਯਾਮਿਨੀ ਮੋਰੀਆ ਅਤੇ ਇੰਦੂ ਬਾਲਾ ਦੇਵੀ ਵੀ ਜੂਡੋ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਚ ਸਥਾਨ ਪ੍ਰਾਪਤ ਕਰਕੇ ਦੇਸ਼, ਸੂਬੇ ਦਾ ਨਾਮ ਰੁਸ਼ਨਾਉਣਗੀਆਂ।
ਡਾ. ਦਲਜੀਤ ਸਿੰਘ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾ. ਮਹਿਲ ਸਿੰਘ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਯਾਮਿਨੀ ਮੋਰੀਆ ਨੇ ਚੀਨ ਵਿਖੇ ਕਰਵਾਈ ਗਈ ਵਰਲਡ ਯੂਨੀਵਰਸਿਟੀ ਗੇਮਾਂ ’ਚ ਬਰਾਊਨ ਮੈਡਲ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਸੀ।ਜਿਸ ਨੂੰ ਕਾਲਜ ਵਲੋਂ 1 ਲੱਖ ਰੁਪਏ ਦਾ ਚੈਕ ਅਤੇ ਹਿੱਸੇਦਾਰ ਰਹੀ ਖਿਡਾਰਣ ਇੰਦੂ ਬਾਲਾ ਦੇਵੀ ਨੂੰ 50 ਹਜ਼ਾਰ ਰੁਪਏ ਨਾਲ ਨਿਵਾਜ਼ਿਆ ਗਿਆ ਸੀ।
ਡਾ. ਮਹਿਲ ਸਿੰਘ ਨੇ ਉਕਤ ਵਿਦਿਆਰਥੀਆਂ ਦੇ ਉਚ ਪੱਧਰ ’ਤੇ ਮੱਲ੍ਹਾਂ ਮਾਰਨ ਅਤੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …