Thursday, July 18, 2024

ਰੰਗ-ਬਰੰਗੀਆਂ ਦਸਤਾਰਾਂ ਨਾਲ ਸੱਜਿਆ ਸਪਰਿੰਗਫੀਲਡ, ਅਮਰੀਕਾ ਦਾ ਸਭਿਆਚਾਰਕ ਮੇਲਾ

ਡੇਟਨ, ਓਹਾਇਹੋ (ਅਮਰੀਕਾ), 30 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਵਿੱਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜ਼ੂਦ ਉਨ੍ਹਾਂ ਵਿੱਚ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿਚ ਮੇਲਾ ਲਗਾਇਆ ਜਾਂਦਾ ਹੈ।ਸਿੱਖ ਵੀ ਇਨ੍ਹਾਂ ਮੇਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ।ਅਵਤਾਰ ਸਿੰਘ ਸਪਰਿੰਗਫੀਲਡ ਨੇ ਇਥੇ ਭੇਜੀ ਈਮੇਲ ਵਿੱਚ ਦੱਸਿਆ ਹੇ ਕਿ ਅਜਿਹਾ ਹੀ ਮੇਲਾ ਓਹਾਇਅੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਲਗਾਇਆ ਗਿਆ, ਜਿਸ ਵਿੱਚ 10 ਹਜਾਰ ਦੇ ਕ੍ਰੀਬ ਲੋਕਾਂ ਨੇ ਭਾਗ ਲਿਆ।ਸਿੱਖ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਗਏ ਹੋਣ ਉਹਨਾਂ ਨੇ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।ਇਨ੍ਹਾਂ ਮੇਲਿਆਂ ਵਿੱਚ ਸਟਾਲ ਲਾ ਕੇ ਸਿੱਖਾਂ ਬਾਰੇ ਸਾਹਿਤ ਵੰਡਿਆ ਜਾਣ ਲੱਗਾ ਹੈ।
ਅਜਿਹਾ ਹੀ ਉਪਰਾਲਾ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਵਿੱਚ ਉੱਥੋਂ ਦੇ ਨਿਵਾਸੀ ਅਵਤਾਰ ਸਿੰਘ ਸਰਬਜੀਤ ਕੌਰ ਦੇ ਪ੍ਰਵਾਰ ਵੱਲੋਂ ਪਿਛਲੇ 22 ਸਾਲਾਂ ਤੋਂ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿੱਚ ਡੇਟਨ ਤੇ ਸਿਨਸਿਨਾਟੀ ਦੇ ਵਸਨੀਕ ਵੀ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ।ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖ ਧਰਮ ਨਾਲ ਸਬੰਧਤ ਲਿਟਰੇਚਰ ਵੰਡਿਆ ਗਿਆ।ਲੋਕਾਂ ਵਲੋਂ ਖ਼ੁਸ਼ੀ ਖ਼ੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਹਨਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਸਿਰਫ ਦੋ ਕੁ ਘੰਟਿਆਂ ਦੇ ਸਮੇ ਵਿੱਚ 250 ਤੋਂ ਵੱਧ ਦਸਤਾਰਾਂ ਖਤਮ ਹੋ ਗਈਆਂ।ਦਸਤਾਰਾਂ ਸਜਾਉਣ ਵਾਲਿਆਂ ਵਿੱਚ ਸਿਟੀ ਮੇਅਰ ਵੈਰਨ ਕੋਪਲੈਂਡ, ਸਾਬਕਾ ਸਿਟੀ ਕਮਿਸ਼ਨਰ ਜੋਹਨ ਡੇਟਰਿਕ ਤੇ ਪੁਲੀਸ ਚੀਫ਼ ਐਲੀਸਨ ਇਲੀਅਟ, ਟੀਨਾ ਸਮਿੱਥ ਅਤੇ ਆਈਸ਼ਾ ਜੋਹਨਸਨ ਸ਼ਾਮਲ ਸਨ।ਇੰਟਰਫ਼ੇਥ ਦੀ ਪ੍ਰੈਜੀਡੈਟ ਇਲੈਨਾ ਬ੍ਰੈਡਲੀ, ਗੇਰੀ ਸਿੰਘ ਅਮਰੀਕਨ ਗੋਰੇ, ਕੇ.ਸੀ ਰੋਲੇਨਡ ਨੇ ਵੀ ਸਟਾਲ ‘ਤੇ ਆ ਕੇ ਆਪਣੀ ਹਾਜ਼ਰੀ ਭਰੀ।
ਦਸਤਾਰਾਂ ਸਜਾਉਣ ਵਿੱਚ ਕੇਵਲ ਪੁਰਸ਼ ਨਹੀਂ ਬਲਕਿ ਇਸਤਰੀਆਂ ਵੀ ਸ਼ਾਮਲ ਸਨ।ਉਹਨਾਂ ਨੇ ਦਸਤਾਰਾਂ ਨਾਲ ਲੈ ਕੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਜੋ ਉਹ ਇਸ ਨੂੰ ਆਪਣੇ ਆਪ ਵੀ ਬੰਨ ਸਕਣ।ਰੰਗ ਬਰੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ।
ਸਿਟੀ ਹਾਲ ਪਲਾਜ਼ਾ ਵਿਖੇ ਆਯੋਜਤ ਇਸ ਸਭਿਆਚਾਰਕ ਮੇਲੇ ਵਿੱਚ ਭੰਗੜੇ ਤੇ ਗਿੱਧੇ ਨੇ ਵੀ ਖ਼ੂਬ ਰੰਗ ਬੰਨਿਆ।ਜਦ ਢੋਲ ਵੱਜਿਆ ਤਾਂ ਸਾਰੇ ਲੋਕ ਦੌੜੇ ਦੌੜੇ ਆਏ ਤੇ ਉਨ੍ਹਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ।ਕਈ ਤਾਂ ਖ਼ੁਦ ਵੀ ਨਚਣ ਲੱਗ ਪਏ।ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ।
ਸ੍ਰੀ ਹਰਿਮੰਦਰ ਸਾਹਿਬ, ਸਿੱਖ ਵੈਡਿੰਗ (ਵਿਆਹ) ਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ।ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਸਿੱਖ ਧਰਮ ਸਬੰਧੀ ਪੈਂਫ਼ਲਿਟ ਵੰਡੇ ਗਏ।ਮਹਾਰਾਜਾ ਰੈਸਟੋਰੈਂਟ ਨੇ ਜਲੇਬੀਆਂ ਦਾ ਲੰਗਰ ਲਾਇਆ।ਅਮਰੀਕੀਆਂ ਨੇ ਜਲੇਬੀਆਂ ਦਾ ਖ਼ੂਬ ਆਨੰਦ ਮਾਣਿਆ।ਏ ਐਡ ਏ ਫ਼ੋਟੋਗਰਾਫ਼ੀ ਸੁਨੀਲ ਮੱਲੀ ਨੇ ਕੀਤੀ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …