ਅੰਮ੍ਰਿਤਸਰ, 30 ਅਕਤੂਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੇ ਅੰਤਰਗਤ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਆਪਣੀ ਨਵੀਂ ਕਹਾਣੀ “ਪੌਣਾ ਕੁ ਚੰਨ” ਅਤੇ ਜਸਪਾਲ ਕੌਰ ਨੇ ਆਪਣੀ ਕਹਾਣੀ “ਬੁੱਚੜ” ਦਾ ਕਹਾਣੀ-ਪਾਠ ਕੀਤਾ।
ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਰਬਜੀਤ ਸਿੰਘ ਸੰਧੂ ਦੇ ਸਵਾਗਤੀ ਸਬਦਾਂ ਨਾਲ ਹੋਇਆ।ਪੜ੍ਹੀਆਂ ਗਈਆਂ `ਪੌਣਾ ਕੁ ਚੰਨ` ਅਤੇ `ਬੁੱਚੜ` ਕਹਾਣੀਆਂ ‘ਤੇ ਚਰਚਾ ਅਰੰਭ ਕਰਦਿਆਂ ਡਾ. ਹੀਰਾ ਸਿੰਘ ਨੇ ਕਿਹਾ ਕਿ ਦੋਵੇਂ ਕਹਾਣੀਆਂ ਕਥਾਕਾਰੀ, ਬਿਰਤਾਂਤਕਾਰੀ ਅਤੇ ਪੇਸ਼ਕਾਰੀ ਵਿੱਚ ਖਰੀਆਂ ਉਤਰਦੀਆਂ ਹਨ।ਸ਼ਾਇਰ ਮਲਵਿੰਦਰ ਅਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਦੀਪ ਦੇਵਿੰਦਰ ਸਿੰਘ ਦੀ ਕਹਾਣੀ ਜਿਥੇ ਬਨਾਉਟੀ ਦਿਖਾਵੇ ਦੇ ਤਾਂਮ-ਧਾਂਮ ਹੇਠ ਆਏ ਮਾਨਵੀ ਰਿਸ਼ਤਿਆਂ ਦੇ ਕੱਚ-ਸੱਚ ਨੂੰ ਬਿਆਨਦੀ ਹੈ, ਉਥੇ ਜਸਪਾਲ ਦੀ ਕਹਾਣੀ ਖੁਰਲੀਆਂ ‘ਤੇ ਬੱਝਿਆ ਮਾਲ-ਡੰਗਰ ਅਤੇ ਸਾਂਝੇ ਵਿਹੜਿਆਂ ਦੇ ਜੀਆਂ ਦੀ ਖੁਰਦੀ ਜਾ ਰਹੀ ਹੋਂਦ ਦਾ ਮਾਰਮਿਕ ਪ੍ਰਗਟਾਵਾ ਹੈ।ਨਾਵਲਕਾਰ ਵਜੀਰ ਸਿੰਘ ਰੰਧਾਵਾ ਅਤੇ ਡਾ. ਮੋਹਨ ਨੇ ਕਿਹਾ ਕਿ ਦੋਵਾਂ ਕਹਾਣੀਆਂ ਦੀ ਤਸਵੀਰਕਸ਼ੀ ਹੀ ਕਹਾਣੀਆਂ ਦਾ ਹਾਸਿਲ ਹਨ।ਜਸਵੰਤ ਧਾਪ, ਜਗਤਾਰ ਗਿੱਲ ਅਤੇ ਰਾਜ ਖੁਸ਼ਵੰਤ ਸਿੰਘ ਸੰਧੂ ਨੇ ਕਹਾਣੀ ਲੇਖਕਾਂ ਨੂੰ ਵਧਾਈ ਦਿੰਦਿਆਂ ਸਮਾਗਮ ਦੀ ਸ਼ਲਾਘਾ ਕੀਤੀ।
ਅੰਤ ਦੀਪ ਦੇਵਿੰਦਰ ਸਿੰਘ ਅਤੇ ਜਸਪਾਲ ਕੌਰ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਏ ਸੁਝਾਵਾਂ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …