Monday, July 8, 2024

ਯਾਦਗਾਰੀ ਹੋ ਨਿਬੜਿਆ ਸਲਾਈਟ ਦਾ ਸਲਾਨਾ ਤਕਨੀਕੀ ਮਹਾਂਕੁੰਭ ‘ਟੈਕਫੇਸਟ-2023

ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਟੂ.ਬੀ ਯੂਨੀਵਰਸਿਟੀ) ਲੌਂਗੋਵਾਲ ਦਾ ਸਲਾਨਾ ਤਕਨੀਕੀ ਮਹਾਕੁੰਭ ਟੈਕਫੇਸਟ-2023 ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਿਆ ਹੈ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਪ੍ਰੋ. ਮਣੀਕਾਂਤ ਪਾਸਵਾਨ ਨੇ ਸ਼ਮੂਲੀਅਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੋ. ਰਾਜੇਸ਼ ਕੁਮਾਰ ਡੀਨ (ਵਿਦਿਆਰਥੀ ਭਲਾਈ), ਪ੍ਰੋ. ਸੁਰਿੰਦਰ ਸੋਢੀ ਡੀਨ (ਰਿਸਰਚ ਐਂਡ ਕੰਸਲਟੈਂਸੀ), ਸੀਨੀਅਰ ਪ੍ਰੋਫੈਸਰ ਪੀ.ਐਸ ਪਨੇਸਰ, ਟੈਕਫੈਸਟ-23 ਦੇ ਚੇਅਰਮੈਨ ਪ੍ਰੋ. ਸ਼ੰਕਰ ਸਿੰਘ ਅਤੇ ਮੀਤ ਪ੍ਰਧਾਨ ਡਾ. ਸੁਨੀਲ ਕੁਮਾਰ ਸ਼ਾਮਲ ਹੋਏ।ਟੈਕਫੈਸਟ ਦੇ ਚੇਅਰਮੈਨ ਪ੍ਰੋ. ਸ਼ੰਕਰ ਸਿੰਘ ਨੇ ਪ੍ਰਭਾਵਸ਼ਾਲੀ ਇਕੱਠ ਨੂੰ ਜਾਣਕਾਰੀ ਦਿੱਤੀ ਕਿ ਇਸ ਵਾਰ ਟੈਕਫੈਸਟ ਦਾ ਥੀਮ `ਖੇਤੀਬਾੜੀ ਵਿੱਚ ਨਵੀਨਤਾ` ਰੱਖਿਆ ਗਿਆ ਹੈ।ਇਹ ਥੀਮ ਵਿਸ਼ਵ ਨੂੰ ਖੇਤੀਬਾੜੀ ਵਿੱਚ ਦਰਪੇਸ਼ ਵਿਸ਼ਵ ਚੁਣੌਤੀਆਂ ਦੌਰਾਨ ਚੁਣਿਆ ਗਿਆ ਹੈ, ਜਿਸ ਨੇ ਭੋਜਨ ਅਤੇ ਖੇਤੀਬਾੜੀ ਪ੍ਰਣਾਲੀਆਂ ਦੀ ਸਥਿਰਤਾ ਨੂੰ ਖ਼ਤਰਾ ਪੈਦਾ ਕੀਤਾ ਹੈ।ਡਰੋਨ ਤੋਂ ਡਿਜ਼ੀਟਲਾਈਜੇਸ਼ਨ ਤੱਕ ਉਭਰਦੀਆਂ ਤਕਨੀਕਾਂ ‘ਚ ਖੇਤੀਬਾੜੀ ਉਤਪਾਦਕਤਾ ਨੂੰ ਬਦਲਣ, ਵਾਤਾਵਰਣ ਪ੍ਰਭਾਵ ਨੂੰ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਸਮਰੱਥਾ ਹੈ।
ਮੁੱਖ ਮਹਿਮਾਨ ਪ੍ਰੋ. ਮਣੀਕਾਂਤ ਪਾਸਵਾਨ ਨੇ ਵਿਦਿਆਰਥੀਆਂ ਨੂੰ ਆਪਣੀ ਵਿਸ਼ਲੇਸ਼ਣਾਤਮਕ ਸੋਚ ਦੇ ਹੁਨਰ ਨੂੰ ਨਿਖਾਰਨ ਲਈ ਵਿਗਿਆਨਕ ਸੋਚ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਸਮਝਾਇਆ ਕਿ ਸਮਾਰਟ ਫਾਰਮਿੰਗ ਇੱਕ ਆਗਾਮੀ ਸੰਕਲਪ ਹੈ, ਜੋਕਿ ਖੇਤੀ ਲਈ ਇੰਟਰਨੈਟ ਆਫ਼ ਥਿੰਗਜ਼, ਕੰਪਿਊਟਰ ਵਿਜ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਨੂੰ ਲਾਗੂ ਕਰੇਗੀ।ਐਗਰੀਕਲਚਰਲ ਰੋਬੋਟਿਕਸ ਅਤੇ ਡਰੋਨਾਂ ਨੂੰ ਹੱਥੀਂ ਖੇਤੀ ਕਰਨ ਦੇ ਕੰਮਾਂ ਜਿਵੇਂ ਕਿ ਫਲ ਚੁੱਕਣਾ, ਨਦੀਨਾਂ ਨੂੰ ਮਾਰਨਾ ਜਾਂ ਪਾਣੀ ਦਾ ਛਿੜਕਾਅ ਕਰਨਾ, ਨੂੰ ਬਦਲ ਕੇ ਖੇਤੀ ਸਵੈਚਾਲਨ ਨੂੰ ਤੇਜ਼ ਕਰਨ ਬਾਰੇ ਸੋਚਿਆ ਜਾ ਰਿਹਾ ਹੈ।
ਪ੍ਰੋ. ਮਣੀ ਕਾਂਤ ਪਾਸਵਾਨ ਨੇ ਤਕਨੀਕੀ ਮੇਲੇ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ, ਵਿਦਿਆਰਥੀ ਕੋਰ ਕਮੇਟੀ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …