Monday, July 8, 2024

ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ‘ਚ ਕੀਤੀ ਰੈਡ ਐਂਟਰੀ ਤੇ ਜੁਰਮਾਨਾ- ਡਿਪਟੀ ਕਮਿਸ਼ਨਰ

ਪਠਾਨਕੋਟ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪ੍ਰਦੂਸ਼ਣ ਮੁਕਤ ਰਹੇ ਜ਼ਿਲ੍ਹਾ ਪਠਾਨਕੋਟ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋ ਪਿੰਡਾਂ ਵਿੱਚ ਮਾਮਲੇ ਸਾਹਮਣੇ ਆਏ ਹਨ।ਜਿਸ ‘ਤੇ ਕਰਵਾਈ ਕਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵਲੋਂ ਜੁਰਮਾਨਾ ਅਤੇ ਜ਼ਮੀਨੀ ਰਿਕਾਰਡ ਵਿੱਚ ਰੈਡ ਐਂਟਰੀ ਵੀ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਪੂਰੇ ਪੰਜਾਬ ਅੰਦਰ ਪਿੱਛਲੇ ਦੋ ਸਾਲਾਂ ਤੋਂ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਰਿਹਾ ਹੈ ਅਤੇ ਫਸਲਾਂ ਨੂੰ ਅੱਗ ਲਗਾਉਣ ਦਾ ਕੋਈ ਵੀ ਮਾਮਲਾ ਦਰਜ਼ ਨਹੀਂ ਕੀਤਾ ਗਿਆ ਸੀ।ਪਿੱਛਲੇ ਦਿਨੀ ਦੋ ਕਿਸਾਨਾਂ ਵਲੋਂ ਆਪਣੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਗਈ ਹੈ।ਇਸ ‘ਤੇ ਬਣਦੀ ਯੋਗ ਕਰਵਾਈ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਨੇ ਜ਼ਿਲ੍ਹਾ ਪਠਾਨਕੋਟ ਦੇ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਜੇਕਰ ਭਵਿੱਖ ਵਿੱਚ ਕੋਈ ਕਿਸਾਨ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਪਾਇਆ ਗਿਆ ਤਾਂ ਉਨ੍ਹਾਂ ‘ਤੇ ਵੀ ਨਿਯਮਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਰਿਮੋਰਟ ਸੈਂਸਿੰਗ ਲੁਧਿਆਣਾ ਤੋਂ ਦੋ ਲੋਕੇਸ਼ਨਾਂ ਪ੍ਰਾਪਤ ਹੋਈਆਂ ਸਨ।ਇੰਨ੍ਹਾਂ ਲੋਕੇਸ਼ਨਾਂ ਦਾ ਉਨ੍ਹਾਂ ਵਲੋਂ ਨਾਇਬ ਤਹਿਸੀਲਦਾਰ ਪਠਾਨਕੋਟ, ਸਬੰਧਤ ਕਲੱਸਟਰ ਇੰਚਾਰਜ਼, ਸਬੰਧਤ ਨੋਡਲ ਅਫ਼ਸਰ ਅਤੇ ਸਬੰਧਤ ਪਟਵਾਰੀ ਸਮੇਤ ਸੰਯੁਕਤ ਤੌਰ ‘ਤੇ ਪ੍ਰਾਪਤ ਲੋਕੇਸ਼ਨਾਂ ਦਾ ਦੌਰਾ ਕੀਤਾ ਗਿਆ।ਇੰਨ੍ਹਾਂ ਲੋਕੋਸ਼ਨਾਂ ਅਨੁਸਾਰ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗੀ ਹੋਈ ਸੀ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਇਸ ਮਾਮਲੇ ‘ਚ ਕਰਵਾਈ ਕਰਦੇ ਹੋਏ ਕਿਸਾਨ ਬਲਵਾਨ ਸਿੰਘ ਪਿੰਡ ਸਰੋਟਾ, ਕਿਸਾਨ ਸਰਿਸ਼ਟਾ ਦੇਵੀ ਪਿੰਡ ਸਰੋਟਾ ਅਤੇ ਕਿਸਾਨ ਜਸਬੀਰ ਸਿੰਘ ਪਿੰਡ ਸਕੋਲ ਨੂੰ ਜੁਰਮਾਨਾ ਕੀਤਾ ਗਿਆ ਅਤੇ ਜ਼ਮੀਨੀ ਰਿਕਾਰਡ ਵਿੱਚ ਰੈਡ ਐਂਟਰੀ ਵੀ ਕੀਤੀ ਗਈ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …