ਜਿਲ੍ਹੇ ਵਿੱਚ ਪਰਾਲੀ ਸਾੜ੍ਹਨ ਵਾਲਿਆਂ ਨੂੰ ਕੀਤਾ 22 ਲੱਖ ਤੋਂ ਵੱਧ ਦਾ ਜ਼ੁਰਮਾਨਾ
ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੇ ਨਿਰਦੇਸ਼ਾਂ ਹੇਠ ਹੁਣ ਸਿਵਲ ਦੀਆਂ ਟੀਮਾਂ ਦੇ ਨਾਲ ਨਾਲ ਪੁਲਿਸ ਦੀਆਂ ਟੀਮਾਂ ਵੀ ਲਗਾਤਾਰ ਜਿਲ੍ਹੇ ਭਰ ਵਿੱਚ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਗਰਮ ਹਨ।ਹੁਣ ਹਰੇਕ ਥਾਣਾ ਮੁਖੀ ਆਪਣੇ ਪੱਧਰ ’ਤੇ ਟੀਮਾਂ ਨਾਲ ਹਲਕੇ ਵਿੱਚ ਪਰਾਲੀ ਦੀ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।ਜਿਸ ਨਾਲ ਇਹ ਘਟਨਾਵਾਂ ਬਹੁਤ ਹੱਦ ਤੱਕ ਘੱਟ ਗਈਆਂ ਹਨ, ਪਰ ਅੱਜ ਵੀ 15 ਸਥਾਨਾਂ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਥੇ ਟੀਮਾਂ ਵਲੋਂ ਕਾਨੂੰਨੀ ਕਾਰਵਾਈ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਸਾਰੇ ਕਲਸਟਰ ਅਧਿਕਾਰੀਆਂ, ਥਾਣਾ ਮੁਖੀਆਂ ਅਤੇ ਐਸ.ਡੀ.ਐਮ ਦੇ ਨਾਲ ਇਸ ਵਿਸ਼ੇ ’ਤੇ ਮੀਟਿੰਗ ਕਰਦੇ ਹੋਏ ਕਿਹਾ ਕਿ ਜੋ ਵੀ ਕਿਸਾਨ ਪਰਾਲੀ ਦੀ ਅੱਗ ਲਗਾ ਰਹੇ ਹਨ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੁਣ ਤੱਕ 13 ਐਫ.ਆਈ.ਆਰ, 27 ਕਰਿਮੀਨਲ ਕੰਪਲੇਂਟ ਦਰਜ਼ ਕੀਤੀਆਂ ਗਈਆਂ ਹਨ।22 ਲੱਖ ਤੋਂ ਵੱਧ ਦਾ ਜ਼ੁਰਮਾਨਾ ਕਿਸਾਨਾਂ ਨੂੰ ਕੀਤਾ ਗਿਆ ਹੈ।ਹੁਣ ਤੱਕ ਜ਼ਿਲ੍ਹੇ ਵਿੱਚ 1488 ਇਹ ਘਟਨਾਵਾਂ ਵਾਪਰੀਆਂ ਹਨ ਅਤੇ ਇਨਾਂ ਵਿਚੋਂ 1318 ਸਥਾਨਾਂ ’ਤੇ ਟੀਮ ਮੌਕੇ ’ਤੇ ਪੁੱਜੀ ਹੈ।ਉਨਾਂ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸੁਪਰੀਮ ਕੋਰਟ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਪਰਾਲੀ ਦੀ ਅੱਗ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ।ਸੁਪਰੀਮ ਕੋਰਟ ਨੇ ਤਾਂ ਇਸ ਅੱਗ ਦੀ ਘਟਨਾ ਲਈ ਸਬੰਧਤ ਇਲਾਕੇ ਦੇ ਥਾਣਾ ਮੁੱਖੀ ਦੀ ਜਿੰਮੇਵਾਰੀ ਤੈਅ ਕੀਤੀ ਹੈ।ਸੋ ਸਾਰੇ ਕਰਮਚਾਰੀ ਅਤੇ ਅਧਿਕਾਰੀ ਆਉਣ ਵਾਲੇ ਕੁੱਝ ਇਕ ਦਿਨ ਜੋ ਕਿ ਕਣਕ ਦੀ ਬਿਜ਼ਾਈ ਵਿੱਚ ਬਾਕੀ ਹਨ, ਲਗਾਤਾਰ ਖੇਤਾਂ ਵਿੱਚ ਸਰਗਰਮ ਰਹਿ ਕੇ ਇਨਾਂ ਘਟਨਾਵਾਂ ਨੂੰ ਰੋਕੋ।
ਇਸ ਮੌਕੇ ਐਸ.ਡੀ.ਐਮ ਨਿਕਾਸ ਕੁਮਾਰ, ਐਸ.ਡੀ.ਐਮ ਸ਼੍ਰੀਮਤੀ ਹਰਨੂਰ ਕੌਰ ਢਿੱਲੋਂ, ਐਸ.ਡੀ.ਐਮ ਅਰਵਿੰਦਰਪਾਲ ਸਿੰਘ, ਐਸ.ਪੀ ਗੁਰਪ੍ਰਤਾਪ ਸਿੰਘ, ਐਸ.ਪੀ ਸ੍ਰੀਮਤੀ ਜਸਵੰਤ ਕੌਰ, ਐਸ.ਪੀ ਹਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।