Monday, July 8, 2024

ਮਾਝੇ ਦੇ ਗਦਰੀਆਂ ਦੀ ਯਾਦ ‘ਚ ਉਨਾਂ ਦੇ ਪਿੰਡਾਂ ਦਾ ਕਰਾਂਗੇ ਵਿਕਾਸ – ਧਾਲੀਵਾਲ

ਕਿਹਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਹੀਦ ਹੋਏ 6 ਸਾਥੀਆਂ ਦੀ ਯਾਦ ‘ਚ ਪਲੇਠਾ ਸਮਾਗਮ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਮਾਝੇ ਦੀ ਧਰਤੀ ਨੇ ਗਦਰ ਲਹਿਰ ਵਿਚ ਵੱਡਾ ਯੋਗਦਾਨ ਪਾਇਆ ਹੈ, ਇੰਨਾਂ ਸ਼ਹੀਦਾਂ ਨੇ ਨਾ ਸਿਰਫ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਪਾਇਆ ਬਲਕਿ ਅਜ਼ਾਦੀ ਦੇ ਅਰਥ ਵੀ ਦੇਸ਼ ਵਾਸੀਆਂ ਨੂੰ ਸਮਝਾਏ, ਜਿਸ ਨਾਲ ਲੋਕਾਂ ਦਾ ਸਾਥ ਗਦਰੀਆਂ ਨੂੰ ਮਿਲਿਆ, ਜੋ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਬੇਹੱਦ ਜਰੂਰੀ ਸੀ।’ਇਹਨਾਂ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਹੀਦ ਹੋਏ 6 ਗਦਰੀ, ਜਿੰਨਾ ਵਿਚੋਂ 3 ਗੁਰਵਾਲੀ ਪਿੰਡ ਅਤੇ ਇਕ ਸੁਰ ਸਿੰਘ ਪਿੰਡ ਤੋਂ ਸੀ, ਦੀ ਯਾਦ ਵਿਚ ਅੰਮਿ੍ਰਤਸਰ ਡਿਪਟੀ ਕਮਿਸ਼ਨਰ ਕੰਪਲੈਕਸ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਦੱਸਣਯੋਗ ਹੈ ਕਿ ਉਕਤ ਸ਼ਹੀਦਾਂ ਦੀ ਯਾਦ ਵਿਚ ਸਰਕਾਰੀ ਪੱਧਰ ਉਤੇ ਇਹ ਪਲੇਠਾ ਸਮਾਗਮ ਹੋਇਆ ਅਤੇ ਸਮਾਗਮ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ਉਤੇ ਬੁਲਾਇਆ ਗਿਆ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸਰਾਭਾ ਦੀ ਯਾਦ ‘ਚ ਤਾਂ ਹਰ ਸਾਲ ਅਸੀਂ ਸਮਾਗਮ ਕਰ ਲੈਂਦੇ ਹਾਂ, ਪਰ ਉਨਾਂ ਨਾਲ ਸ਼ਹੀਦ ਹੋਏ ਬਖਸ਼ੀਸ ਸਿੰਘ, ਸੁਰੈਣ ਸਿੰਘ ਵੱਡਾ ਤੇ ਸੁਰੈਣ ਸਿੰਘ ਛੋਟਾ (ਤਿੰਨੇ ਗੁਰਵਾਲੀ ਪਿੰਡ ਤੋਂ), ਜਗਤ ਸਿੰਘ ਪਿੰਡ ਸੁਰਸਿੰਘ, ਹਰਨਾਮ ਸਿੰਘ ਸਿਆਲਕੋਟ ਤੋਂ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਮਹਾਂਰਾਸ਼ਟਰ ਤੋਂ ਨੂੰ ਕਦੇ ਯਾਦ ਹੀ ਨਹੀਂ ਕੀਤਾ, ਸੋ ਅੱਜ ਇੰਨਾ ਸ਼ਹੀਦਾਂ ਨੂੰ ਯਾਦ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਹੈ।ਉਨਾਂ ਕਿਹਾ ਕਿ ਅਜ਼ਾਦੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਉਨਾਂ ਦੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ।ਉਨਾਂ ਦੇ ਪਿੰਡਾਂ ਦੇ ਨਾਮ ਸ਼ਹੀਦਾਂ ਦੇ ਨਾਮ ਉਤੇ ਰੱਖੇ ਜਾਣਗੇ।ਉਨਾਂ ਸਾਰੇ ਪੰਜਾਬ ਵਾਸੀਆਂ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਜੀਵਨ ਉਤੇ ਬਣੀ ਫਿਲਮ ‘ਸਰਾਭਾ’ ਵੇਖਣ ਦਾ ਸੱਦਾ ਦਿੱਤਾ ਅਤੇ ਐਲਾਨ ਕੀਤਾ ਕਿ ਜਿਸ ਦਿਨ ਵੀ ਫਿਲਮ ਲੱਗੀ ਉਹ ਆਪਣੇ ਖਰਚੇ ਉਤੇ ਅਜਨਾਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਹ ਫਿਲਮ ਵਿਖਾਉਣਗੇ। ਉਨਾਂ ਗੁਰੂਵਾਲੀ ਪਿੰਡ ਨੂੰ ਆਪਣੇ ਅਖਿਤਾਰੀ ਫੰਡ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਲੋਚਦੇ ਹਨ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਾਡੇ ਸਾਰਿਆਂ ਵਿੱਚ ਕੌਮੀਅਤ ਜਾਗੇ।ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਿਹਾ ਕਿ ਪੰਜਾਬ ਨੇ ਸਭ ਤੋ ਪਹਿਲਾਂ ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿੱਢਿਆ ਅਤੇ ਇਤਹਾਸ ਗਵਾਹੀ ਭਰਦਾ ਹੈ ਕਿ ਸੰਨ 1840 ਤੋਂ ਪੰਜਾਬੀ ਅੰਗਰੇਜ਼ਾਂ ਨਾਲ ਲੋਹਾ ਲੈਣ ਲੱਗ ਪਏ ਸਨ ਅਤੇ ਇਸ ਸਦਕਾ ਹੀ ਇਹ ਜਾਗ ਸਾਰੇ ਦੇਸ਼ ਵਿਚ ਲੱਗੀ।ਪ੍ਰੋਗਰਾਮ ਵਿੱਚ ਡਾ ਬਲਜੀਤ ਸਿੰਘ ਨੇ ਮਾਝੇ ਦੇ ਗਦਰੀਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਆਪ ਦੇ ਬੁਲਾਰੇ ਜਸਕਰਨ ਸਿੰਘ ਬਦੇਸ਼ਾ, ਆਪ ਦੇ ਸ਼ਹਿਰੀ ਪ੍ਰਧਾਨ ਮੁਨੀਸ਼ ਅਗਰਵਾਲ, ਡੀ.ਈ.ਓ ਸੁਸ਼ੀਲ ਤੁਲੀ ਅਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਿਚੋਂ ਗਿਆਨ ਸਿੰਘ ਸੱਗੂ, ਅਮਰਜੀਤ ਸਿੰਘ ਭਾਟੀਆ, ਸੁਰਿੰਦਰ ਸਿੰਘ ਅਹੂਜਾ, ਲਖਬੀਰ ਸਿੰਘ ਬਾਗੀ, ਕਰਮਜੀਤ ਸਿੰਘ ਕੇ ਪੀ, ਰਾਜ ਕੁਮਾਰ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਭਿੱਟੇਵੱਡ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …