ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲਿਆਂ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਸਹਿਯੋਗ ਸਦਕਾ ਹੁਸ਼ਿਆਰਪੁਰ ਦੇੇ ਪਿੰਡ ਦਿਹਾਣਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਲਪੁਰ ਵਾਲਿਆਂ ਵੱਲੋਂ 15 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ ਹੋਈ। ਜਿਸ ਵਿੱਚ ਕੋਈ 200 ਦੇ ਕਰੀਬ ਬੱਚੇ, ਨੌਜਵਾਨ, ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਗੁਰਬਾਣੀ ਕੰਠ ਸਿਖਲਾਈ ਵਿੱਚ ਹਿੱਸਾ ਲੈ ਰਹੇ ਸਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਬਰਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਇਹ 15 ਰੋਜ਼ਾ ਕੈਂਪ ਸੰਗਤਾਂ ਨੂੰ ਗੁਰਮਤਿ ਰਹਿਣੀ ਬਹਿਣੀ ਨਾਲ ਜੋੜਨ ਲਈ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕੈਂਪ ਵਿਚ ਹਿੱਸਾ ਲੈ ਰਹੇ ਕੁੱਲ 200 ਬੱਚੇ ਬੱਚੀਆਂ ਵਿਚੋਂ ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਆਉਣ ਵਾਲਿਆਂ ਨੂੰ ਮੋਮੈਂਟੌ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਗੁਰਮਤਿ ਸਿਖਲਾਈ ਕੈਂਪ ਦੇ ਵਿਸ਼ੇਸ਼ ਮਹਿਮਾਨ ਡਾ: ਪਰਮਜੀਤ ਸਿੰਘ ਸਰੋਆ ਨਿਜੀ ਸਕੱਤਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਗਾਇਆ ਤੇ ਬਾਕੀ ਦੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇ ਸੰਦੇਸ਼ ਤੇ ਚੱਲਦੇ ਹੋਏ ਸਿੱਖੀ ਦੇ ਪ੍ਰਚਾਰੁਪ੍ਰਸਾਰ ਦੁਆਰਾ ਇਸ ਬੂਟੇ ਨੂੰ ਹਰਾ ਭਰਾ ਰੱਖਿਆ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਅਨੇਕਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਖਾਤਿਰ ਕੁਰਬਾਨੀਆਂ ਦੇ ਕੇ ਤੇ ਤਸੀਹੇ ਝੱਲ ਕੇ ਆਪਣੇ ਰਕਤ ਨਾਲ ਸਿੰਜਿਆ। ਉਨ੍ਹਾਂ ਕਿਹਾ ਕਿ ਕਲਗੀਧਰ ਦਸ਼ਮੇਸ਼ ਪਿਤਾ ਨੇ ਤਾਂ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਇਸ ਐਸੀ ਵਿਲੱਖਣ ਕੌਮ ਤਿਆਰ ਕਰ ਦਿੱਤੀ ਜਿਸ ਨੂੰ ਲੱਖਾਂ ਦੀ ਤਾਦਾਦ ਚੋਂ ਪਹਿਚਾਣਿਆਂ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਭਿਆਨਕ ਦੌਰ ਵਿੱਚ ਜਦ ਨੌਜਵਾਨ ਪੀੜ੍ਹੀ ਪਤਿਤਪੁਣੇ ਅਤੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ, ਐਸੇ ਕੈਂਪਾਂ ਦਾ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਸਕੇ। ਡਾ: ਸਰੋਆ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਰੰਭੇ ਗਏ ਇਹ ਉਪਰਾਲੇ ਸ਼ਲਾਘਾ ਯੋਗ ਹਨ ਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ। ਸਮਾਗਮ ਉਪਰੰਤ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਡਾ: ਪਰਮਜੀਤ ਸਿੰਘ ਸਰੋਆ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਆਉਣ ਵਾਲੇ ਬੱਚੇ ਬੱਚੀਆਂ ਨੂੰ ਸ: ਸਰੋਆ ਨੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੀਬੀ ਰਣਜੀਤ ਕੌਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋ: ਉਪਿੰਦਰ ਸਿੰਘ ਮਾਹਲਪੁਰੀ, ਸ: ਗੁਰਦੀਪ ਸਿੰਘ ਸਰੋਆ, ਸ੍ਰੀ ਰਾਮ ਪ੍ਰਕਾਸ਼ ਸਰਪੰਚ, ਸ: ਸੰਦੀਪ ਸਿੰਘ, ਸ: ਪਰਮਜੀਤ ਸਿੰਘ, ਸ: ਬਲਵੀਰ ਸਿੰਘ ਅਤੇ ਸ: ਗੁਰਮੁਖ ਸਿੰਘ, ਸ: ਚਰਨਜੀਤ ਸਿੰਘ ਸਰੋਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ: ਮਨਜੀਤ ਸਿੰਘ ਜਸਵਾਲ, ਸ: ਗੁਰਬਖਸ਼ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਦਾ ਅਨੰਦ ਮਾਣਿਆਂ। ਗੁਰੂ ਕਾ ਲੰਗਰ ਅਤੁੱਟ ਵਰਤਿਆ।