ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੀ ਨੁਹਾਰ ਬਦਲਣ ਦਾ ਟੀਚਾ ਸਾਕਾਰ ਕਰਨ ਲਈ ਸਰਗਰਮ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅੱਜ ਇਥੇ ਦੋ ਹੋਰ ਪੁਲਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਦਿਆਂ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਉਣ ਪੱਖੋਂ ਕੋਈ ਕਸਰ ਬਾਕੀ ਨਾ ਛੱਡਣ ਦਾ ਵਿਸ਼ਵਾਸ ਦਿਵਾਇਆ।
ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਲੌਂਗੋਵਾਲ ਅਤੇ ਨੇੜਲੇ ਕਈ ਪਿੰਡਾਂ ਦੇ ਲੋਕਾਂ ਦੀ ਪਿੱਛਲੇ ਕਈ ਦਹਾਕਿਆਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਦਾ ਆਗਾਜ਼ ਕਰਨ ਲਈ ਪੁੱਜੇ ਸਨ।ਉਨ੍ਹਾਂ ਨੇ ਲੌਂਗੋਵਾਲ-ਸ਼ੇਰੋਂ ਸੜਕ ਤੋਂ ਗੁਰਦੁਆਰਾ ਸਾਹਿਬ ਅਲੀਕੇ ਸੜਕ `ਤੇ ਬਹਾਦੁਰ ਸਿੰਘ ਵਾਲਾ ਡਰੇਨ ਉਪਰ ਹਾਈ ਲੈਵਲ ਬ੍ਰਿਜ਼ ਦੀ ਉਸਾਰੀ ਅਤੇ ਲੌਂਗੋਵਾਲ ਤੋਂ ਸ਼ਾਹਪੁਰ ਸੜਕ `ਤੇ ਬਹਾਦੁਰ ਸਿੰਘ ਵਾਲਾ ਡਰੇਨ ਉਪਰ ਹਾਈ ਲੈਵਲ ਬ੍ਰਿਜ਼ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪੁਲਾਂ ਦੀ ਉਸਾਰੀ ‘ਤੇ 3.76 ਕਰੋੜ ਦੀ ਲਾਗਤ ਆਵੇਗੀ ਅਤੇ ਬਰਸਾਤ ਦੇ ਦਿਨਾਂ ਦੌਰਾਨ ਇਨ੍ਹਾਂ ਪੁਲਾਂ ਦੀ ਘਾਟ ਕਾਰਨ ਵੱਡੇ ਪੱਧਰ ‘ਤੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਪਿੰਡਾਂ ਦੇ ਲੋਕਾਂ ਨੂੰ ਅਗਲੇ ਤਿੰਨ ਮਹੀਨਿਆਂ ਅੰਦਰ ਇਹ ਪੁਲ ਮੁਕੰਮਲ ਕਰਵਾ ਕੇ ਸਮਰਪਿਤ ਕੀਤੇ ਜਾਣਗੇ।ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੀ ਲੰਬਾਈ ਕ੍ਰਮਵਾਰ 80 ਫੁੱਟ ਅਤੇ 90 ਫੁੱਟ ਹੋਵੇਗੀ ਜਦਕਿ ਚੌੜਾਈ 25-25 ਫੁੱਟ ਹੋਵੇਗੀ।
ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਆਪ ਆਗੂ ਬਲਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ, ਆਪ ਦੇ ਨੌਜਵਾਨ ਆਗੂ ਕਮਲ ਬਰਾੜ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ, ਕੌਂਸਲ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਂਸਲਰ ਸ੍ਰੀਮਤੀ ਰੀਨਾ ਰਾਣੀ, ਕੌਸਲਰ ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ ਗੁਰਮੀਤ ਸਿੰਘ ਫੌਜੀ,ਕੌਸਲਰ ਗੁਰਮੀਤ ਸਿੰਘ ਲੱਲੀ, ਰਾਜ ਕੁਮਾਰ ਰਾਜੂ, ਆਪ ਦੇ ਬਲਾਕ ਪ੍ਰਧਾਨ ਵਿੱਕੀ ਵਿਸ਼ਿਸ਼ਟ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਸਿੱਧੂ ਵੀ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …