ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਪਹਿਲਾ ‘ਸ. ਗੁਰਨਾਮ ਸਿੰਘ ਸਟੂਡੈਂਟ ਆਫ਼ ਦਾ ਯੀਅਰ ਪੰਜਾਬ ਐਵਾਰਡ-2022’ ਸਮਾਰੋਹ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ’ਚ ਐਮ.ਡੀ ਡਾ. ਗੁਰਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪੰਜਾਬ ਪਬਲਿਕ ਸਰਵਿਸ ਕਮਿਸ਼ਨ ਮੈਂਬਰ ਸ੍ਰੀਮਤੀ ਬੱਬੂ ਤੀਰ, ਐਵਰਗ੍ਰੀਨ ਵੈਸਟ ਕਾਲਜ ਟਰਾਟੌਂ ਅਕਾਦਮਿਕ ਡਾਇਰੈਕਟਰ ਡਾ. ਸੀਰਤ ਕੌਰ ਗਿੱਲ ਅਤੇ ਫ਼ੋਰ.ਐਸ. ਐਜੂਕੇਸ਼ਨ ਸੁਸਾਇਟੀ ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਨ।
ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਨ ਉਪਰੰਤ ਸੰਬੋਧਨ ’ਚ ਕਿਹਾ ਕਿ ਅਜੋਕੇ ਸਮੇਂ ’ਚ ਸਾਡਾ ਸਿੱਖਿਆ ਦਾ ਢਾਂਚਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ, ਪ੍ਰੰਤੂ ਫਿਰ ਵੀ ਸਾਡੇ ਵਿਦਿਆਰਥੀ ਵਿਦੇਸ਼ ਜਾਣ ਨੂੰ ਤਰਜ਼ੀਹ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਡਾ. ਗੁਰਮੋਹਨ ਸਿੰਘ ਦੁਆਰਾ ਆਪਣੇ ਪਿਤਾ ਸ. ਗੁਰਨਾਮ ਸਿੰਘ (ਸੰਸਥਾਪਕ ਪ੍ਰਿੰਸੀਪਲ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ ਰੋਡ) ਦੀ ਯਾਦ ’ਚ ਸ਼ੁਰੂ ਕੀਤਾ ਗਿਆ ਸਟੂਡੈਂਟ ਆਫ਼ ਦਾ ਯੀਅਰ ਪੰਜਾਬ ਐਵਾਰਡ ਇੱਕ ਵਿਸ਼ੇਸ਼ ਉਪਰਾਲਾ ਹੈ ਜੋ ਸਾਰੇ ਹੀ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਸਰੋਤ ਹੈ।
ਡਾ. ਗੁਰਮੋਹਨ ਸਿੰਘ ਨੇ ਕਿਹਾ ਕਿ ਵਿਦਿਆਰਥੀ ਸਮਾਜ ਨੂੰ ਨਵੀਂ ਸੇਂਧ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਹ ਐਵਾਰਡ ਇੱਕ ਛੋਟੀ ਜਿਹੀ ਕੋਸ਼ਿਸ਼ ਹੈ।ਉਨ੍ਹਾਂ ਕਿਹਾ ਕਿ ਇਸ ਐਵਾਰਡ ਸਮਾਰੋਹ ’ਚ ਕਾਲਜ ਦੇ ਵੱਖ-ਵੱਖ ਕੋਰਸਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੇ ਅਪਲਾਈ ਕੀਤਾ, ਜਿਸ ਵਿੱਚ ਹੇਮਨਦੀਪ ਕੌਰ (ਬੀ. ਐਡ), ਨਗਿੰਦਰਪਾਲ ਸਿੰਘ (ਬੀ.ਐਡ-ਐਮ.ਐਡ), ਜਸ਼ਨਦੀਪ ਕੌਰ (ਬੀ.ਏ- ਬੀ.ਐਡ) ਨੂੰ ‘ਸਟੂਡੈਂਟ ਆਫ਼ ਦਾ ਯੀਅਰ ਪੰਜਾਬ ਐਵਾਰਡ-2022’ ਨਾਲ ਨਿਵਾਜ਼ਿਆ ਗਿਆ।ਉਨ੍ਹਾਂ ਕਿਹਾ ਕਿ ਉਪਰੋਕਤ ਹਰੇਕ ਵਿਦਿਆਰਥੀ ਨੂੰ ਸਨਮਾਨ ਪੱਤਰ ਅਤੇ 21000/- ਰੁਪੈ ਦੀ ਰਾਸ਼ੀ ਪ੍ਰਦਾਨ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲਵਪ੍ਰੀਤ ਸਿੰਘ, ਰਮਿੰਦਰ ਕੌਰ, ਬਿ੍ਰਜਮੋਹਨ, ਦਿਵਿਆ (ਬੀ. ਐਡ.) ਨਿਸ਼ਾਨ ਸਿੰਘ, (ਬੀ.ਏ-ਬੀ.ਐਡ) ਮਹਿਕਦੀਪ ਕੌਰ, ਕੋਮਲ ਪਾਂਡੇ (ਬੀ.ਐਡ-ਐਮ.ਐਡ) ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ।
ਕਾਲਜ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ, ਪੋ੍ਰਗਰਾਮ ਕੋ-ਆਰਡੀਨੇਟਰ ਡਾ. ਬਿੰਦੂ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਪਾਰੁਲ ਅਗਰਵਾਲ, ਡਾ. ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਪ੍ਰਿੰ: ਡਾ. ਹਰਪ੍ਰੀਤ ਕੌਰ ਨਾਲ ਮਿਲ ਕੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਖਾਲਸਾ ਗਲੋਬਲ ਰੀਚ ਫਾਊਡੇਸ਼ਨ ਕੋ-ਆਰਡੀਨੇਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਤੋਂ ਇਲਾਵਾ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …