ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਸੰਗਰੂਰ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਸਾਲ 2023 ਦੌਰਾਨ ਵੱਖ-ਵੱਖ ਪ੍ਰਸਾਸ਼ਨਿਕ ਸੇਵਾਵਾਂ ਦਾ ਲਾਭ ਜ਼ਮੀਨੀ ਪੱਧਰ ‘ਤੇ ਮੁਹੱਈਆ ਕਰਵਾਉਣ ਲਈ ਸਰਗਰਮ ਮੁਹਿੰਮ ਚਲਾਈ ਗਈ।ਜਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ।ਜਿਸ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਸੰਗਰੂਰ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰਨ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲ੍ਹੇ ’ਚ 100 ਨਸ਼ਾ ਪੀੜਤਾਂ ਦੀ ਪਛਾਣ ਕਰਕੇ ਉਚਿਤ ਇਲਾਜ਼ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਸਵੈ ਰੋਜ਼ਗਾਰ ਦੇ ਸਮਰੱਥ ਬਣਾਉਣ ਦਾ ਟੀਚਾ ਮਿਥਦੇ ਹੋਏ ਇਸ ਦਿਸ਼ਾ ਵਿੱਚ ਨਿਰੰਤਰ ਠੋਸ ਕਦਮ ਚੁੱਕੇ ਗਏ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ‘ਸਰਕਾਰ ਤੁਹਾਡੇ ਦੁਆਰ’ ਨਾਂ ਹੇਠ ਲੋਕ ਪੱਖੀ ਪਹਿਲਕਦਮੀ ਦੀ ਸ਼ੂਰੂਆਤ ਕੀਤੀ ਅਤੇ ਇਸ ਮੁਹਿੰਮ ਨੂੰ ਜਿਲ੍ਹਾ ਸੰਗਰੂਰ ਵਿੱਚ ਪੂਰੇ ਜੋਸ ਨਾਲ ਜਾਰੀ ਰੱਖਦਿਆਂ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਨਜ਼਼ਦੀਕ ਪਹੁੰਚਾ ਕੇ ਨਿਪਟਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਵਜੋਂ 92 ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 1141 ਵਿਦਿਆਰਥੀਆਂ ਦੀਆਂ ਪ੍ਰਤਿਭਾ ’ਚ ਨਿਖਾਰ ਲਿਆਉਣ ਲਈ ‘ਮਿਸ਼ਨ ਐਕਸੀਲੈਂਸ’ ਚਲਾਇਆ ਗਿਆ।ਵਿਦਿਆਰਥੀਆਂ ਨੂੰ ਗੁਣਵੱਤਾ ਆਧਾਰਿਤ ਸਿੱਖਿਆ, ਤਣਾਅ ਘਟਾਉਣ, ਸਮਾਂ ਪ੍ਰਬੰਧਨ ਤੇ ਸਵੈ ਵਿਸ਼ਵਾਸ਼ ਵਧਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਸਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦੌਰਾਨ ਇਨ੍ਹਾਂ ਸਰਕਾਰੀ ਸਕੂਲਾਂ ਦੇ ਬਹੁ-ਗਿਣਤੀ ਵਿਦਿਆਰਥੀ ਮੈਰਿਟ ਵਿੱਚ ਆਪਣੀ ਥਾਂ ਬਣਾਉਣ ਦੇ ਸਮਰੱਥ ਬਣ ਸਕਣ।
ਸੰਗਰੂਰ ਜ਼ਿਲ੍ਹੇ ਵਿੱਚ ਇੱਕ ਹੋਰ ਅਹਿਮ ਪਾਇਲਟ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਵਿੱਚ ਅਨੀਮੀਆ (ਖੂਨ ਦੀ ਕਮੀ) ਦੀ ਘਾਟ ਨਾਲ ਨਜਿੱਠਣ ਲਈ ਮੌਜ਼ੂਦਾ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਟੀਚਾ ਮਿਥਦੇ ਹੋਏ ਬੱਚਿਆਂ ਨੂੰ ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਦੇ ਕੇ ਪੋਸ਼ਕ ਤੱਤਾਂ ਦੀ ਪੂਰਤੀ ਕਰਨ ਦੇ ਨਾਲ ਨਾਲ ਸਕੂਲਾਂ ਵਿੱਚ ਕਿਚਨ ਗਾਰਡਨ (ਘਰੇਲੂ ਬਗੀਚੀ) ਪ੍ਰਫੁਲਿਤ ਕੀਤੇ ਗਏ ਤਾਂ ਜੋ ਮਿਡ ਡੇ ਮੀਲ ਲਈ ਪੋਸ਼ਕ ਸਬਜ਼ੀਆਂ ਦੀ ਪੈਦਾਵਾਰ ਸਕੂਲਾਂ ਵਿੱਚ ਹੀ ਕਰਵਾਈ ਜਾ ਸਕੇ।
ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਪ੍ਰਸ਼ਾਸਨਿਕ ਸੁਧਾਰ ਕੇਂਦਰ’ ਲੋਕਾਂ ਨੂੰ ਸਮਰਪਿਤ ਕੀਤਾ ਗਿਆ।ਜਿਥੇ ਨਾਗਰਿਕ ਪ੍ਰਸ਼ਾਸਨਿਕ ਸੇਵਾਵਾਂ ਸਬੰਧੀ ਆਪਣੀਆਂ ਸ਼ਿਕਾਇਤਾਂ ਦਰਜ਼ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ’ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੇ ਸਮਰੱਥ ਬਣ ਗਏ ਹਨ।ਦਿੜ੍ਹਬਾ ਅਤੇ ਚੀਮਾ ਵਿਖੇ ਨਵੇਂ ਅਤਿ ਆਧੁਨਿਕ ਤਹਿਸੀਲ ਕੰਪਲੈਕਸਾਂ ਦਾ ਨਿਰਮਾਣ ਚੱਲ ਰਿਹਾ ਹੈ।ਕਾਰੋਬਾਰ ਕਰਨ ਵਿੱਚ ਅਸਾਨੀ ਲਈ ਸਿੰਗਲ ਵਿੰਡੋ ਸਿਸਟਮ ਨੂੰ ਜ਼ਮੀਨੀ ਪੱਧਰ `ਤੇ ਲਾਗੂ ਕਰਨ ਲਈ ਸੰਗਰੂਰ ਨੇ ‘ਵੱਡਾ ਜਿਲ੍ਹਾ ਸ਼੍ਰੇਣੀ’ ਵਿੱਚ ਮੋਹਰੀ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਸੀਜ਼ਨ ਨਾਲ ਜੁੜੇ ਸਮੁੱਚੇ ਕਾਰਜ਼ਾਂ ਨੂੰ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜਿਲ੍ਹਾ ਸੰਗਰੂਰ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ `ਤੇ ਰਿਹਾ।ਕਣਕ ਦੀ ਖਰੀਦ, ਲਿਫਟਿੰਗ, ਅਦਾਇਗੀ, ਆਨਲਾਈਨ ਗੇਟ ਪਾਸ, ਵਹੀਕਲ ਟਰੈਕਿੰਗ ਸਿਸਟਮ ਸਮੇਤ ਹੋਰ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਸਮੇਂ ਸਿਰ ਨੇਪਰੇ ਚੜ੍ਹਾਉਣ ‘ਚ ਸੰਗਰੂਰ ਜ਼ਿਲ੍ਹਾ ਮੋਹਰੀ ਰਿਹਾ।ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚੋ 8 ਲੱਖ 86 ਹਜ਼ਾਰ 353 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ ਡੇਢ ਲੱਖ ਮੀਟ੍ਰਿਕ ਟਨ ਵੱਧ ਹੈ।ਇਸ ਲਈ ਕਿਸਾਨਾਂ ਨੂੰ ਸਮੇਂ ਸਿਰ ਕਰੀਬ 1642 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ 1.12 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਸੰਗਰੂਰ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ।ਜਿਲ੍ਹਾ ਸੰਗਰੂਰ ਦੇ 12 ਪਿੰਡਾਂ ਵਿੱਚ ਸਥਾਪਿਤ ਕੀਤੀਆਂ ਅਤਿ-ਆਧੁਨਿਕ ਲਾਇਬ੍ਰੇਰੀਆਂ ਮੁੱਖ ਮੰਤਰੀ ਮਾਨ ਵਲੋਂ ਪੰਜਾਬੀਆਂ ਨੂੰ ਸਮਰਪਿਤ ਕੀਤੀਆਂ ਗਈਆਂ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਘਰ ਨੂੰ ਉਤਪਾਦਨ ਇਕਾਈ ਬਣਾਉਣ ਲਈ ਸੰਗਰੂਰ ਜ਼ਿਲ੍ਹੇ ਵਿੱਚ ਚੱਲ ਰਹੀ ‘ਪਹਿਲ’ ਨਾਂ ਦੀ ਸਕੀਮ ਨੂੰ ਸੂਬਾ ਸਰਕਾਰ ਵਲੋਂ ਪੰਜਾਬ ਭਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਗਿਆ।ਸੰਗਰੂਰ ਵਾਂਗ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੀ ਸਿਲਾਈ ਸਵੈ-ਸਹਾਇਤਾ ਗਰੁੱਪਾਂ ਤੋਂ ਕਰਵਾਈ ਜਾਵੇਗੀ।ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਚਿਰਾਂ ਤੋਂ ਬੰਦ ਪਏ ਖ਼ਾਲਿਆਂ ਵਿੱਚ ਪਾਣੀ ਸਪਲਾਈ ਨੂੰ ਮੁੜ ਸ਼਼ੁਰੂ ਕੀਤਾ ਗਿਆ ਹੈ।
ਸੂਬੇ ਨੂੰ ਓ.ਡੀ.ਐਫ਼ ਪਲੱਸ ਕਰਨ ਦੀ ਚੱਲ ਰਹੀ ਮੁਹਿੰਮ ਤਹਿਤ ਜਿਲ੍ਹਾ ਸੰਗਰੂਰ ਨੇ ਸਭ ਤੋਂ ਪਹਿਲਾਂ ਗਰੀਨ ਜ਼ੋਨ ਵਿੱਚ ਆ ਕੇ ਨਾਮਣਾ ਖੱਟਿਆ।ਬਲਾਕ ਭਵਾਨੀਗੜ੍ਹ ਦੇ ਸਾਰੇ 66 ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਦੇ ਪ੍ਰੋਜੈਕਟ ਮੁਕੰਮਲ ਹੋਏ।
ਜਿਲ੍ਹੇ ਦੇ ਪਿੰਡਾਂ ਵਿੱਚ 425 ਏਕੜ ਰਕਬੇ ਵਿੱਚ ਰਵਾਇਤੀ ਰੁੱਖਾਂ ਦੇ 138 ਅੰਮ੍ਰਿਤ ਵਣ, ਜਿਨ੍ਹਾਂ ਨੂੰ ਮਿੰਨੀ ਜੰਗਲ ਦਾ ਨਾਮ ਵੀ ਦਿੱਤਾ ਜਾਂਦਾ ਹੈ, ਚੰਗੀ ਤਰ੍ਹਾਂ ਵਧ ਫੁਲ ਰਹੇ ਹਨ।ਮਗਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਨਰਸਰੀਆਂ ਨੂੰ ਵਿਕਸਤ ਕਰਕੇ ਲੱਖਾਂ ਬੂਟੇ ਵੀ ਤਿਆਰ ਕੀਤੇ ਗਏ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …