ਪਹਿਲ ਦੇ ਆਧਾਰ ‘ਤੇ ਕਰਾਂਗੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ- ਮੈਂਬਰ ਸ਼ੀਤਲ ਜੁਨੇਜਾ
ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਨੀਤੀਆਂ ਆਮ ਆਦਮੀ ਦੀਆਂ ਮੰਗਾਂ ਅਨੁਸਾਰ
ਬਣਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੁੰਗਾਰਾ ਮਿਲੇ।
ਇਹ ਪ੍ਰਗਟਾਵਾ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਵੱਲੋਂ ਅੱਜ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਗਿਆ।ਉਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਅਹਿਮ ਭੂਮਿਕਾ ਹੈ ਅਤੇ ਪੰਜਾਬ ਵਿੱਚ ਸਨਅੱਤਕਾਰਾਂ ਨੂੰ ਬਿਜਲੀ ਦੇਣ ਤੋਂ ਇਲਾਵਾ ਉਨਾਂ ਦੀ ਮੰਗ ਅਨੁਸਾਰ ਸਨਅੱਤੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ।ਉਨਾਂ ਕਿਹਾ ਕਿ ਸਾਡੀ ਮੰਸ਼ਾ ਹੈ ਕਿ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੇਠਲੇ ਪੱਧਰ ‘ਤੇ ਹੀ ਹੋ ਸਕੇ।ਉਨਾਂ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਨ ਟਾਈਮ ਸੈਟਲਮੈਂਟ (ਓ.ਟੀ.ਐਸ) ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ।ਅਨਿਲ ਠਾਕੁਰ ਨੇ ਕਿਹਾ ਕਿ ਉਦਯੋਗਪਤੀਆਂ ਲਈ ਸਿਰਫ ਸਕੀਮਾਂ ਹੀ ਸ਼ੁਰੂ ਨਹੀਂ ਕੀਤੀਆਂ, ਸਗੋਂ ਉਨਾਂ ਨੂੰ ਪੰਜਾਬ ਵਿੱਚ ਕਾਰੋਬਾਰ ਕਰਨ ਲਈ ਵਧੀਆ ਮਾਹੋਲ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਕਮਿਸ਼ਨ ਦੇ ਮੈਂਬਰ ਸ਼ੀਤਲ ਜੁਨੇਜ਼ਾ ਨੇ ਕਿਹਾ ਕਿ ਵਪਾਰੀਆਂ ਦੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਪਾਰੀਆਂ ਨੂੰ ਉਨਾਂ ਦੇ ਕਾਰੋਬਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਨਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ।ਜਿਸ ਕਾਰਨ ਉਨਾਂ ਨੂੰ ਸਾਰੀਆਂ ਸਹੂਲਤਾਂ ਇੱਕੋ ਹੀ ਖਿੜਕੀ ਰਾਹੀਂ ਦੇ ਦਿੱਤੀਆਂ ਜਾਂਦੀਆਂ ਹਨ।ਵੱਖ-ਵੱਖ ਵਪਾਰੀਆਂ ਵਲੋਂ ਆਪਣੀਆਂ ਮੁਸ਼ਕਿਲਾਂ ਨੂੰ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਮੌਕੇ ਤੇ ਹੀ ਚੇਅਰਮੈਨ ਨੇ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨਾਂ ਦੇ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ।
ਇਸ ਮੀਟਿੰਗ ਵਿੱਚ ਜਸਕਰਨ ਬਦੇਸ਼ਾ, ਅਨਿਲ ਭਾਰਦਵਾਜ, ਡਿਪਟੀ ਕਮਿਸ਼ਨਰ ਸਟੇਟ ਟੈਕਸ ਸ੍ਰੀਮਤੀ ਰਾਜਵਿੰਦਰ ਕੌਰ, ਸਹਾਇਕ ਕਮਿਸ਼ਨਰ ਸਟੇਟ ਟੈਕਸ ਅਜੈ ਕੁਮਾਰ, ਸੰਜੀਵ ਗੁਪਤਾ, ਮਹੇਸ਼ ਗੁਪਤਾ, ਇਕਬਾਲ ਸਿੰਘ ਭੁੱਲਰ, ਰਾਜੀਵ ਖਹਿਰਾ ਜਿਲ੍ਹਾ ਪ੍ਰਧਾਨ ਟਰੇਡਵਿੰਗ, ਰਾਜਾ ਇਕਬਾਲ, ਪਵਨਜੀਤ ਗੋਲਡੀ ਜਾਇੰਟ ਸਕੱਤਰ, ਦੀਕਸ਼ਿਤ ਧਵਨ, ਜਸਪ੍ਰੀਤ ਸਿੰਘ, ਮੋਹਿਤ ਅਗਰਵਾਲ, ਡਾ. ਇੰਦਰਪਾਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
Punjab Post Daily Online Newspaper & Print Media