Monday, July 8, 2024

ਗੁਰਪੁਰਬ ਸਮਾਗਮਾਂ ਦੀ ਸਮਾਪਤੀ ‘ਤੇ ਹੋਇਆ ਕਵੀ ਦਰਬਾਰ ਸਿਖ਼ਰ ਹੋ ਨਿਬੜਿਆ

ਸੰਗਰੂਰ, 20 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋਏ ਵੱਖ-ਵੱਖ ਵਿਦਿਆਰਥੀ ਮੁਕਾਬਲੇ ਉਪਰੰਤ ਸਮਾਗਮਾਂ ਦੀ ਲੜੀ ਦੀ ਸਮਾਪਤੀ ਹਰ ਸਾਲ ਦੀ ਤਰ੍ਹਾਂ ਅਦੁੱਤੀ ਕਵੀ ਦਰਬਾਰ ਨਾਲ ਹੋਈ ਜੋ ਸਮਾਗਮਾਂ ਦਾ ਸਿਖ਼ਰ ਹੋ ਨਿਬੜਿਆ।ਕਵੀ ਦਰਬਾਰ ਤੋਂ ਪਹਿਲਾਂ ਭਾਈ ਲਾਭ ਸਿੰਘ ਝਮੱਟ ਨੇ ਕਵੀਸ਼ਰੀ ਰਾਹੀਂ ਗੁਰੂ ਸਾਹਿਬ ਦੇ ਗੁਣ ਗਾਏ।ਉਪਰੰਤ ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ ਨੇ ਕਵੀਆਂ ਦੀ ਜਾਣ ਪਛਾਣ ਕਰਵਾਈ।ਪੰਥ ਦੇ ਸਿਰਮੋਰ ਕਵੀ ਡਾ. ਹਰੀ ਸਿੰਘ ਜਾਚਕ ਨੇ ਸਟੇਜ਼ ਸੰਚਾਲਨ ਦੀ ਸੇਵਾ ਸੰਭਾਲਦਿਆਂ ਸੰਗਰੂਰ ਸ਼ਹਿਰ ਦੇ ਗੁਰਪੁਰਬ ਵਾਸੀ ਰਾਜਿੰਦਰ ਸਿੰਘ ਜੋਸ਼ ਵਲੋਂ ਕਵੀ ਦਰਬਾਰ ਦੀ ਸ਼ੁਰੂ ਕੀਤੀ।ਪਰੰਪਰਾ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀਆਂ ਲਿਖਤ ਟੁਕੜੀਆਂ ਨਾਲ ਜੋਸ਼ ਸਾਹਿਬ ਦੀ ਹਾਜ਼ਰੀ ਲਗਵਾਈ।ਕਵੀ ਦਰਬਾਰ ਦੀ ਆਰੰਭਤਾ ਬਾਲ ਕਵੀ ਦਰਬਾਰ ਦੀ ਸਰਵੋਤਮ ਕਵੀ ਮਹਿਕਪ੍ਰੀਤ ਕੌਰ ਨੇ ਕੀਤੀ।ਉਪਰੰਤ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪਹਿਲੀ ਵਾਰ ਕਵੀਆਂ ਵਿੱਚ ਸ਼ੁਮਾਰ ਹੋ ਕੇ ਗੁਰੂ ਸਾਹਿਬ ਦੇ ਆਗਮਨ ਨੂੰ ਇਹਨਾਂ ਸਤਰਾਂ ਰਾਹੀਂ ਗਾ ਕੇ ਪੇਸ਼ ਕੀਤਾ:

ਗੁਰ ਤੇਗ ਬਹਾਦਰ ਦਾ ਫਰਜ਼ੰਦ ਪਿਆਰਾ।
ਪ੍ਰਗਟਿਆ ਅਗਮੜਾ ਸਾਰੇ ਜੱਗ ਤੋਂ ਨਿਆਰਾ।

ਇਸ ਤੋਂ ਬਾਅਦ ਸੰਗਰੂਰ ਸ਼ਹਿਰ ਦੇ ਨੌਜਵਾਨ ਕਵੀ ਗਗਨਦੀਪ ਸਿੰਘ ਗੱਗੀ ਦੀ ਰਚਨਾ ਨੂੰ ਮਹਿਕਪ੍ਰੀਤ ਕੌਰ ਨੇ ਸੋਹਜ਼ ਤੇ ਸੰਗੀਤ ਮਈ ਆਵਾਜ਼ ਵਿੱਚ ਇਸ ਤਰ੍ਹਾਂ ਕਿਹਾ:

ਇਲਾਹੀ ਜੋਤ ਜਗਮਗ ਨੂਰ,
ਹਿੰਦ ਦੀ ਸ਼ਾਨ ਗੋਬਿੰਦ ਸਿੰਘ।

ਸੰਗਰੂਰ ਦੇ ਹੀ ਪ੍ਰਸਿੱਧ ਵਿਦਵਾਨ ਤੇ ਸਾਹਿਤਕਾਰ ਡਾ. ਚਰਨਜੀਤ ਸਿੰਘ ਉਡਾਰੀ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਕਿਹਾ:

ਅਸੀਂ ਰਾਖੀ ਮਜ਼ਲੂਮ ਦੀ ਹਾਂ ਕਰਦੇ,
ਅਸੀਂ ਖੂਨ ਮਾਸੂਮਾਂ ਦਾ ਪੀਂਦੇ ਹੀ ਨਹੀਂ
ਅਸੀਂ ਧੌਣ ਅਕੜਾ ਕੇ ਚੱਲ ਸਕਦੇ,
ਅਸੀਂ ਸਿਰ ਝੁਕਾ ਕੇ ਜੀਂਦੇ ਹੀ ਨਹੀਂ।

ਪੰਥ ਪ੍ਰਸਿੱਧ ਸੰਗੀਤਕਾਰ ਅਵਤਾਰ ਸਿੰਘ ਤਾਰੀ ਸ੍ਰੀ ਅੰਮ੍ਰਿਤਸਰ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦੀਆਂ ਵਧਾਈਆਂ ਇਸ ਤਰ੍ਹਾਂ ਦਿੱਤੀਆਂ:

ਮੀਰੀ ਪੀਰੀ ਦੇ ਮਾਲਿਕ ਦੇ ਪੋਤਰੇ
ਬੜੇ ਕਮਾਲ ਨੇ।
ਤੇਗ ਬਹਾਦਰ ਦੇ ਫਰਜ਼ੰਦ
ਮਾਂ ਗੁਜਰੀ ਦੇ ਲਾਲ ਨੇ।

ਪਹਿਲੀ ਵਾਰ ਸੰਗਰੂਰ ਵਿਖੇ ਆਏ ਪੰਥਕ ਸ਼ਾਇਰ ਗੁਰਚਰਨ ਸਿੰਘ ਚੰਨੀ ਜਲਾਲਾਬਾਦ ਨੇ ਕਿਹਾ:

ਤੇਰੇ ਲਹੂ ਨੇ ਕਲਗੀਧਰ ਪ੍ਰੀਤਮ
ਹਿੰਦ ਦੀ ਮਾਂਗ ਸ਼ਿੰਗਾਰੀ ਏ।
ਪੁੱਤਰਾਂ ਦੇ ਠੁਮਣੇ ਦੇ ਦੇ ਕੇ,
ਤੂੰ ਢੱਠੀ ਕੌਮ ਉਸਾਰੀ ਏ।

ਆਖਿਰ ਵਿੱਚ ਡਾ. ਹਰੀ ਸਿੰਘ ਜਾਚਕ ਨੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਪੇਸ਼ ਕੀਤਾ:

ਸ਼ਹਿਨਸ਼ਾਹ ਏ ਗੁਰੂ ਗੋਬਿੰਦ ਸਿੰਘ ਜੀ,
ਕੀਤੇ ਕੌਮ ਤੇ ਤੁਸਾਂ ਉਪਕਾਰ ਕੀਤਾ।

ਕਵੀ ਦਰਬਾਰ ਦੇ ਸੰਚਾਲਕ ਨਾਲ ਗੁਰਦੀਪ ਸਿੰਘ ਪੰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਸੰਗਤਾਂ ਅਤੇ ਖਾਸ ਤੌਰ ‘ਤੇ ਨੌਜਵਾਨਾਂ ਵਲੋਂ ਜੈਕਾਰਿਆਂ ਦੀ ਭਰਪੂਰ ਦਾਦ ਦੇ ਕੇ ਕਵੀਆਂ ਨੂੰ ਮਾਣ ਦਿੱਤਾ।ਸਮੂਹ ਕਵੀਆਂ ਦੇ ਨਾਲ ਗਗਨਦੀਪ ਸਿੰਘ ਗੱਗੀ, ਭਾਈ ਸੁੰਦਰ ਸਿੰਘ ਹੈਡ ਗ੍ਰੰਥੀ, ਭਾਈ ਰਾਮ ਸਿੰਘ ਨੂੰ ਗੁਰਦੁਆਰਾ ਸਾਹਿਬ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਕਰਨ ਦੀ ਰਸਮ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ, ਗੁਰਮੀਤ ਸਿੰਘ ਸਾਹਨੀ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਗੁਰਜੰਟ ਸਿੰਘ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਸਿਮਰਨ ਸਿੰਘ, ਗਗਨਦੀਪ ਸਿੰਘ ਗੱਗੀ ਨੇ ਨਿਭਾਈ।
ਇਸ ਮੌਕੇ ਹਰਪ੍ਰੀਤ ਸਿੰਘ ਪ੍ਰੀਤ, ਪ੍ਰੀਤਮ ਸਿੰਘ, ਲਖਵੀਰ ਸਿੰਘ ਲੱਖਾ, ਸੰਦੀਪ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਜਸਵਿੰਦਰ ਸਿੰਘ ਸਾਹਨੀ, ਦਮਨਜੀਤ ਸਿੰਘ, ਮਨਵਿੰਦਰ ਸਿੰਘ ਸਰਨਾ, ਹਰਵਿੰਦਰ ਸਿੰਘ ਪੱਪੂ, ਸਰਬਜੀਤ ਸਿੰਘ ਰੇਖੀ, ਨਰਿੰਦਰ ਸਿੰਘ ਬੱਬੂ, ਜਤਿੰਦਰ ਪਾਲ ਸਿੰਘ ਹੈਪੀ, ਜਸਵਿੰਦਰ ਸਿੰਘ ਟੁਰਨਾ, ਹਰਵਿੰਦਰ ਸਿੰਘ ਸੋਬਤੀ, ਮਨਵਿੰਦਰ ਸਿੰਘ ਸੋਬਤੀ, ਏਕਮਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸੋਬਤੀ, ਸਾਹਿਬ ਅਵਨੀਤ ਸਿੰਘ, ਰਾਜੇਸ਼ ਥਰੇਜਾ, ਜਗਜੀਤ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਸਵਰਨ ਕੌਰ, ਅਮਰੀਕ ਕੌਰ, ਗੁਰਲੀਨ ਕੌਰ, ਹਰਵਿੰਦਰ ਕੌਰ, ਅਮਨਦੀਪ ਕੌਰ, ਰੇਖਾ ਕਾਲੜਾ, ਕਿਰਨਾ ਦੂਆ, ਏਕਜੋਤ ਕੌਰ, ਵਰਿੰਦਰ ਕੌਰ, ਮਨਪ੍ਰੀਤ ਕੌਰ, ਰੰਝਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …