ਐਂਟੀ ਲੇਪਰੋਸੀ ਦਿਵਸ ਮੌਕੇ ਕੁਸ਼ਟ ਰੋਗ ਸਬੰਧੀ ਕੱਢੀ ਜਾਗਰੂਕਤਾ ਰੈਲੀ
ਸੰਗਰੂਰ, 30 ਜਨਵਰੀ (ਜਗਸੀਰ ਲੌਂਗੋਵਾਲ) – ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ: ਕਿਰਪਾਲ ਸਿੰਘ ਦੇ ਦਿਸ਼ਾ

ਨਿਰਦੇਸ਼ਾਂ ਤਹਿਤ ਜਿਲ੍ਹੇ ਅੰਦਰ 13 ਫਰਵਰੀ ਤੱਕ “ਸਪਰਸ਼ ਕੁਸ਼ਟ ਜਾਗਰੂਕਤਾ ਅਭਿਆਨ” ਚਲਾਇਆ ਜਾ ਰਿਹਾ ਹੈ।ਐਂਟੀ ਲੈਪਰੋਸੀ ਦਿਵਸ ‘ਤੇੇ ਜਿਲ੍ਹਾ ਹਸਪਤਾਲ ਤੋਂ ਇਸ ਰੋਗ ਸੰਬੰਧੀ ਜਾਗਰੂਕਤਾ ਰੈਲੀ ਕੱਢ ਕੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਇਹ ਰੈਲੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਆਮ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਵਾਪਸ ਜਿਲ੍ਹਾ ਹਸਪਤਾਲ ਵਿਖੇ ਸਮਾਪਤ ਹੋਈ।
ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਸਿਵਲ ਸਰਜਨ ਡਾ: ਕਿਰਪਾਲ ਸਿੰਘ ਨੇ ਦੱਸਿਆ ਕਿ ਕੁਸ਼ਟ ਰੋਗ ਇਲਾਜ਼ਯੋਗ ਹੈ, ਇਹ ਕੋਈ ਸਮਾਜਿਕ ਧੱਬਾ ਨਹੀਂ ਹੈ।ਚਮੜੀ ਰੋਗਾਂ ਦੇ ਮਾਹਿਰ ਡਾ: ਨਵਦੀਪ ਅਰੋੜਾ ਨੇ ਦੱਸਿਆ ਕੇ ਚਮੜੀ ‘ਤੇ ਹਲਕੇ ਪੀਲੇ ਚਟਾਕ ਪੈਣਾ, ਚਮੜੀ ਦਾ ਸੁੰਨ ਹੋ ਜਾਣਾ, ਹੱਥਾਂ-ਪੈਰਾਂ ਦੀਆਂ ਉਂਗਲਾਂ ਦਾ ਝੜ ਜਾਣਾ ਗਰਮ ਅਤੇ ਠੰਡੀ ਵਸਤੂ ਦਾ ਪਤਾ ਨਾ ਲੱਗਣਾ, ਚਿਹਰਾ ਚਮਕਦਾਰ ਹੋ ਜਾਣਾ, ਪਸੀਨਾ ਨਾ ਆਉਣਾ ਆਦਿ ਇਸ ਦੇ ਮੁੱਖ ਲੱਛਣ ਹਨ।ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਅਜਿਹੇ ਲੱਛਣ ਹੋਣ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।ਕੁਸ਼ਟ ਰੋਗ ਦਾ ਚੈਕਅਪ ਅਤੇ ਇਲਾਜ਼ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ ।
ਇਸ ਮੌਕੇ ਡਾ: ਪਰਮਵੀਰ ਸਿੰਘ ਕਲੇਰ, ਡਾ: ਰਮਨਬੀਰ ਕੌਰ ਬੋਪਾਰਾਏ, ਡਾ: ਹਰਪ੍ਰੀਤ ਕੌਰ ਰੇਖੀ, ਡਾ: ਰਾਹੁਲ, ਡਾ; ਹਰਬੰਸ ਸਿੰਘ, ਡਾ: ਗੁਨਤਾਸ ਕੌਰ, ਡਾ: ਦਵਿੰਦਰ ਕੌਰ, ਡਾ: ਕਾਹਲੋਂ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ, ਨਾਨ ਮੈਡੀਕਲ ਸੁਪਰਵਾਈਜ਼ਰ ਹਰਪਾਲ ਕੌਰ, ਦੁਰਗਾ ਪ੍ਰਸ਼ਾਦ, ਯਾਦਵਿੰਦਰ ਸਿੰਘ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।