Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸਾਬਕਾ ਵਿਦਿਆਰਥੀ ਮਿਲਣੀ-2024

ਬ੍ਰਿਗੇਡੀਅਰ ਹਰਚਰਨ ਸਿੰਘ, ਡਾ. ਵਿਨੇ ਕੁਮਾਰ ਤੇ ਵਿਕਰਮ ਚੌਧਰੀ ਦਾ ਆਊਟਸੈਂਡਿੰਗ ਅਲੂਮਿਨੀ ਐਵਾਰਡ ਨਾਲ ਸਨਮਾਨ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਅੱਜ ਜਿਥੇ ਪੁਰਾਣੇ ਵਿਦਿਆਰਥੀਆਂ ਨੇ ਘੁੱਟ ਕੇ ਗਲਵਕੜੀਆਂ ਪਾਈਆਂ ਅਤੇ ਯੂਨੀਵਰਸਿਟੀ ਨਾਲ ਜੁੜੀਆਂ ਵਿਦਿਆਰਥੀ ਜੀਵਨ ਦੀਆਂ ਪੁਰਾਣੀਆਂ ਯਾਦਾਂ ਨੂੂੰ ਤਾਜ਼ਾ ਕੀਤਾ, ਉਥੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਅੱਜ ਦੇ ਵਿਦਿਆਰਥੀ ਜੀਵਨ ਨੂੰ ਯਾਦਗਾਰੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਸਾਰੀ ਉਮਰ ਅਜ ਦੀਆਂ ਯਾਦਾਂ ਨਿੱਘ ਦੇਂਦੀਆਂ ਰਹਿਣ।ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਈ ਅਲੂਮਨੀ ਮੀਟ 2024 ਵਿਚ ਵੱਡੇ ਅਹੁੱਦਿਆਂ `ਤੇ ਮੌਜੂਦ ਵੱਖ-ਵੱਖ ਸਾਬਕਾ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਆਪਣੀਆਂ ਸਫਲਤਾਵਾਂ ਦੇ ਰਾਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਦੇ ਸਿਰ ਸਜਾਇਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ ਵੱਲੋਂ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਅਤੇ ਗੁਰੂ ਨਾਨਕ ਦੇਵ ਯੂਨਵਿਰਸਿਟੀ ਦਾ ਨਾਂ ਰੌਸ਼ਨ ਕਰਨ ਵਾਲੇ ਆਪਣੇ ਸਾਬਕਾ ਵਿਦਿਆਰਥੀਆਂ ਬ੍ਰਿਗੇਡੀਅਰ ਹਰਚਰਨ ਸਿੰਘ, ਡਾ. ਵਿਨੇ ਕੁਮਾਰ ਅਤੇ ਵਿਕਰਮ ਚੌਧਰੀ ਨੂੰ ਆਊਟਸੈਂਡਿੰਗ ਅਲੂਮਿਨੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਰਾਜੇਸ਼ ਸੇਠ, ਡਾ. ਸੁਮਨ ਸ਼ਰਮਾ, ਡਾ. ਨਵਪ੍ਰੀਤ ਕੌਰ, ਡਾ. ਸੰਦੀਪ ਮਹਿਰਾ, ਅਨਿਲ ਖੰਨਾ, ਜਸਨੀਤ ਸਿੰਘ, ਡਾ. ਪ੍ਰੇਮਜੋਤ ਸਿੰਘ ਗਿਰਗਲਾ, ਡਾ. ਰਾਕੇਸ਼ ਚੌਹਾਨ, ਡਾ. ਹਰਪ੍ਰੀਤ ਗਰੇਵਾਲ, ਦਵਿੰਦਰ ਪਾਲ ਸਿੰਘ, ਹਰਜਿੰਦਰ ਰੰਧਾਵਾ, ਦਲਜੀਤ ਸਿੰਘ ਅਤੇ ਪਰਮਿੰਦਰ ਸੰਧੂ ਨੂੰ ਵੀ ਉਨ੍ਹਾਂ ਵੱਲੋਂ ਆਪਣੇ ਆਪਣੇ ਖੇਤਰ ਵਿਚ ਮਾਰੀਆਂ ਗਈਆਂ ਮੱਲ੍ਹਾਂ ਦੇ ਕਰਕੇ ਸਨਮਾਨਿਤ ਕੀਤਾ ਗਿਆ। ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਵਿਚ ਸ਼ਾਮਿਲ ਸਨ ਵਾਈਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਐਸੋਸੀਏਸ਼ਨ ਦੇ ਉਪ ਪ੍ਰਧਾਨ, ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ, ਐਮ.ਐਲ.ਏ., ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਬਿਕਰਮਜੀਤ ਸਿੰਘ ਬਾਜਵਾ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਪ੍ਰੋ. ਅਤੁਲ ਖੰਨਾ, ਡੀਨ ਅਲੂਮਨੀ ਐਸੋਸੀਏਸ਼ਨ।
ਸਭ ਤੋਂ ਪਹਿਲਾਂ ਡਾ. ਖੰਨਾ ਵੱਲੋਂ ਸਾਲਾਨਾ ਰਿਪੋਰਟ ਸਾਂਝੀ ਕੀਤੀ ਗਈ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ, ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਮੁੱਖ ਮਹਿਮਾਨ ਵਜੋਂ ਹਾਜ਼ਰ ਫੋਰਟਿਸ ਐਸਕਾਰਟ ਹਸਪਤਾਲ ਐਂਡ ਰੀਸਰਚ ਸੈਂਟਰ ਦੇ ਡਾਇਰੈਕਟਰ ਡਾ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ, ਪਰ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਜੀਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਹੀ ਲੱਗਦਾ ਸੀ। ਉਨ੍ਹਾਂ ਨੇ ਵੱਖ-ਵੱਖ ਕੰਟੀਨਾਂ ਅਤੇ ਯੂਨੀਵਰਸਿਟੀ ਨਾਲ ਜੁੜੀਆਂ ਯਾਦਾਂ ਨੂੰ ਸਾਂਝਿਆਂ ਕੀਤਾ।ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਉਹ ਪੁਰਾਣੇ ਦਿਨ ਅਤੇ ਪੁਰਾਣੇ ਬੇਲੀ ਯਾਦ ਆ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਇਥੇ ਮੌਜੂਦ ਵੀ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਐਲੂਮਨੀ ਮੀਟ ਦੀ ਪ੍ਰਧਾਨਗੀ ਕਰਦਿਆਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਅਹਿਮ ਉਪਲਬਧੀਆਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਉਹ ਵਿਦਿਅਕ ਸੰਸਥਾਨ, ਨਿਆਂਪਾਲਿਕਾ, ਆਈਐਫਐਸ, ਆਈਏਐਸ, ਪੀਸੀਐਸ, ਭਾਰਤੀ ਪੁਲਿਸ ਸੇਵਾਵਾਂ, ਫੈਡਰਲ ਸੇਵਾਵਾਂ, ਕਾਰਪੋਰੇਟ ਸੈਕਟਰ, ਰਾਜਨੀਤਿਕ ਪਾਰਟੀਆਂ, ਪਬਲਿਕ / ਫਾਰਮਾ ਸੈਕਟਰ ਅਤੇ ਪੰਜਾਬ ਸਿਵਲ ਸੇਵਾਵਾਂ ਆਦਿ ਵਿਚ ਅਹਿਮ ਅਹੁੱਦਿਆਂ `ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਯੂਨੀਵਰਸਿਟੀ ਦੇ ਵਿਦਿਆਰਥੀ ਇਸ ਸਮੇਂ ਵਾਈਸ ਚਾਂਸਲਰ, ਵਿਗਿਆਨੀ, ਡੀਨ ਅਕਾਦਮਿਕ ਮਾਮਲਿਆਂ ਅਤੇ ਡਾਇਰੈਕਟਰ ਖੋਜ ਅਤੇ ਹੋਰ ਅਹਿਮ ਅਹੁਦਿਆਂ ਕਾਰਜਸ਼ੀਲ ਹਨ ਅਤੇ ਅਕਾਦਮਿਕ ਖੇਤਰਾਂ ਵਿੱਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ।ਉਨ੍ਹਾਂ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਖੋਜ ਅਤੇ ਅਕਾਦਮਿਕਤਾ ਵਿੱਚ ਵੱਧ ਤੋਂ ਵੱਧ ਮਦਦ ਕਰਨ।ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਬਿਕਰਮਜੀਤ ਸਿੰਘ ਬਾਜਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਅਲੂਮਿਨੀ ਮੀਟ ਉਦੋਂ ਹੋਰ ਯਾਦਗਾਰੀ ਹੋ ਨਿਬੜੀ ਜਦੋਂ ਸਾਬਕਾ ਵਿਦਿਆਰਥੀਆਂ ਤੋਂ ਇਲਾਵਾ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ ਵੱਖ ਲੋਕ ਕਲਾਵਾਂ ਦੀ ਪੇਸ਼ਕਾਰੀ ਕੀਤੀ।ਇਸ ਸਮੇਂ ਕਲਾਕਾਰ ਵਿਦਿਆਰਥੀਆਂ ਦਾ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ, ਡਾ. ਖੰਨਾ, ਬ੍ਰਿਗੇ. ਹਰਚਰਨ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …