Tuesday, December 3, 2024

ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਚੋਣਾਂ ਲਈ ਭਾਈ ਵੀਰ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਗਰੁੱਪ ਵੱਲੋਂ ਉਮੀਦਵਾਰਾਂ ਦਾ ਐਲਾਨ

ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ) – ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੀ ਜਨਰਲ ਕਮੇਟੀ ਦੀਆਂ ਚੋਣਾਂ ਲਈ ਦੀਵਾਨ ਦੇ ਮੋਢੀ ਰਤਨਾਂ ਵਿਚ ਸ਼ਾਮਲ ਭਾਈ ਵੀਰ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਡਾ: ਨਿੱਜਰ ਦੇ ਗਰੁੱਪ ਵੱਲੋਂ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਦੀਵਾਨ ਦੇ ਪ੍ਰਧਾਨ ਦੇ ਅਹੁਦੇ ਦੀ ਸੇਵਾ ਲਈ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜ਼ਰ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸੰਤੋਖ ਸਿੰਘ ਸੇਠੀ ਤੇ ਜਗਜੀਤ ਸਿੰਘ, ਸਥਾਨਕ ਪ੍ਰਧਾਨ ਲਈ ਕੁਲਜੀਤ ਸਿੰਘ ਸਾਹਨੀ ਅਤੇ ਆਨਰੇਰੀ ਸਕੱਤਰ ਦੇ ਦੋ ਅਹੁੱਦਿਆਂ ਲਈ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਦੇ ਨਾਵਾਂ ਦਾ ਐਲਾਨ ਬੋਲੇ ਸੋ ਨਿਹਾਲ ਦੀ ਗੂੰਜ ‘ਚ ਕੀਤਾ ਗਿਆ।
ਮੀਟਿੰਗ ਦੌਰਾਨ ਪ੍ਰਧਾਨ ਡਾ: ਨਿੱਜ਼ਰ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਭਾਈ ਵੀਰ ਸਿੰਘ ਜੀ ਦੀ ਸੋਚ ਅਨੁਸਾਰ ਸਿੱਖੀ ਤੇ ਸਿੱਖਿਆ ਨੂੰ ਸਮਰਪਿਤ ਰਹਿੰਦਿਆਂ ਨਿਰੱਪਖ ਤੇ ਪਾਰਦਰਸ਼ੀ ਕਾਰਜ਼ ਨੀਤੀਆਂ ਅਪਣਾ ਕੇ ਵਿਕਾਸ ਦੀਆਂ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ।ਉਹਨਾਂ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਜੀ ਦੇ 150 ਸਾਲਾਂ ਜਨਮ ਦਿਵਸ ਨੂੰ ਸਮਰਪਿਤ 67ਵੀਂ ਸਿੱਖ ਵਿਦਿਅਕ ਕਾਨੰਫਰਸ ਦਾ ਆਯੋਜਨ, ਭਾਈ ਸਾਹਿਬ ਦੀ ਯਾਦ ਵਿਚ ਬਟਾਲਾ ਵਿਖੇ ਅਤਿ-ਆਧੁਨਿਕ ਸਕੂਲ ਦਾ ਨਿਰਮਾਣ, ਭਾਈ ਵੀਰ ਸਿੰਘ ਸਾਹਿਤ ਅਧਿਐਨ ਕੇਂਦਰ ਦੀ ਸਥਾਪਨਾ, ਭਾਈ ਵੀਰ ਸਿੰਘ ਰਚਿਤ ਨਾਵਲ ਸੁੰਦਰੀ ਦੀਵਾਨ ਦੇ ਸਕੂਲਾਂ ਵਿਚ ਪੜਾਉਣਾ, ਦੀਵਾਨ ਦੇ ਹਰ ਸਕੂਲ ਦੇ ਪਿ੍ਰੰਸੀਪਲ ਆਫਿਸ ਵਿੱਚ ਭਾਈ ਵੀਰ ਸਿੰਘ ਜੀ ਦੀ ਤਸਵੀਰ ਲਗਾਉਣਾ, ਭਾਈ ਸਾਹਿਬ ਦੁਆਰਾ ਅਰੰਭੇ ਪੰਜਾਬੀ ਪੱਤਰ ਨਿਰਗੁਣਿਆਰਾ ਦੀ ਮੁੜ ਪ੍ਰਕਾਸ਼ਨਾ ਤੇ ਹੋਰ ਯਾਦਗਾਰੀ ਗਤੀਵਿਧੀਆ ਕਰਵਾਇਆ ਗਈਆ ਹਨ।ਉਹਨਾਂ ਕਿਹਾ ਕਿ ਜਿਥੇ ਦੀਵਾਨ ਵੱਲੋਂ ਪਿਛਲੇ ਕਾਰਜ਼ ਕਾਲ ਸਮੇਂ ਸਿੱਖਿਆ ਨੂੰ ਹਰ ਪੱਖੋਂ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਉਣ ਦੇ ਯਤਨ ਕੀਤੇ ਗਏ ਹਨ, ਉਥੇ ਇਹਨਾਂ ਆਧੁਨਿਕ ਵਿੱਦਿਅਕ ਨੀਤੀਆਂ ਨੂੰ ਸਿੱਖ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਦਿਆਂ ਨਵੀਂ ਪਨੀਰੀ ਨੂੰ ਨੈਤਿਕ ਗੁਣਾ ਦੇ ਧਾਰਨੀ ਬਨਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।ਡਾ. ਨਿੱਜ਼ਰ ਨੇ ਸਮੂਹ ਮੈਂਬਰਜ਼ ਨੂੰ ਨਿਮਰਤਾ ਸਹਿਤ ਅਪੀਲ ਕਰਦਿਆਂ ਕਿਹਾ ਕਿ ਕੁਝ ਆਪ ਹੁਦਰੀਆਂ ਤੇ ਦੀਵਾਨ ਦੀ ਛਵੀ ਨੂੰ ਖਰਾਬ ਕਰਨ ਵਾਲੇ ਚੰਦ ਮੈਂਬਰਾਂ ਦੀ ਸੋੜੀ ਸੋਚ ਇਹਨਾਂ ਨੂੰ ਗੁੰਮਰਾਹ ਕਰਕੇ ਚੋਣ ਲੜਨ ਲਈ ਮਜ਼ਬੂਰ ਕਰ ਰਹੀ ਹੈ ਤੇ ਕੂੜ ਪ੍ਰਚਾਰ ਕਰ ਰਹੀ ਹੈ ਜਿਸ ਤੋ ਸੁਚੇਤ ਰਹਿਣ ਦੀ ਲੋੜ ਹੈ।
ਮੀਟਿੰਗ ਦੌਰਾਨ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਜਗਜੀਤ ਸਿੰਘ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਆਨਰੇਰੀ ਜਾਇੰਟ ਸਕੱਤਰ ਸੁਖਜਿੰਦਰ ਸਿੰਘ, ਰਾਬਿੰਦਰਬੀਰ ਸਿੰਘ ਭੱਲਾ, ਭਗਵੰਤਪਾਲ ਸਿੰਘ ਸੱਚਰ, ਤਰਲੋਚਨ ਸਿੰਘ, ਹਰਮਨਜੀਤ ਸਿੰਘ, ਗੁਰਪ੍ਰੀਤ ਸਿੰਘ ਸੇਠੀ, ਆਤਮਜੀਤ ਸਿੰਘ ਬਸਰਾ, ਆਦਰਸ਼ਪਿੰਦਰ ਸਿੰਘ ਮਾਨ, ਗੁਰਭੇਜ ਸਿੰਘ, ਸਰਜੋਤ ਸਿੰਘ ਸਾਹਨੀ, ਪ੍ਰੋ: ਭੁਪਿੰਦਰ ਸਿੰਘ ਸੇਠੀ, ਹਰਿੰਦਰਪਾਲ ਸਿੰਘ ਸੇਠੀ, ਹਰਵਿੰਦਰਪਾਲ ਸਿੰਘ ਚੁੱਘ, ਨਵਤੇਜ਼ ਸਿੰਘ ਨਾਰੰਗ ਹਰਜਿੰਦਰ ਸਿੰਘ ਤੁੰਗ, ਕਮਲਜੀਤ ਸਿੰਘ ਅਤੇ ਹੋਰ ਦੀਵਾਨ ਦੇ ਮੈਂਬਰਜ਼ ਹਾਜ਼ਰ ਸਨ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …