Friday, October 18, 2024

ਖ਼ਾਲਸਾ ਕਾਲਜ ਨੂੰ ਨੈਕ ਨੇ ਪ੍ਰਦਾਨ ਕੀਤਾ ਏ-ਪਲੱਸ ਗ੍ਰੇਡ

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ, ਬੰਗਲੌਰ ਵਲੋਂ ਏ-ਪਲੱਸ ਗ੍ਰੇਡ ਨਾਲ ਨਿਵਾਜ਼ਿਆ ਗਿਆ ਹੈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਅਤੇ ਸਟਾਫ਼ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਕਾਲਜ ਨੂੰ ਉਕਤ ਮਾਣ ਹਾਸਲ ਹੋਇਆ ਹੈ।
ਡਾ. ਮਹਿਲ ਸਿੰਘ ਨੇ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਛੀਨਾ ਅਤੇ ਸਮੂਹ ਕੌਂਸਲ ਦੇ ਮੈਂਬਰਾਂ ਦਾ ਉਨ੍ਹਾਂ ਦੀ ਨਿਰੰਤਰ ਹੌਸਲਾ ਅਫਜ਼ਾਈ ਲਈ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਵੱਖ-ਵੱਖ ਸਹੂਲਤਾਂ ਦੇ ਆਨ-ਸਾਈਟ ਮੁਲਾਂਕਣ ਲਈ ਡਾ. ਜਮੁਨਾ ਦੁਵਰੂ, ਸਾਬਕਾ ਵਾਈਸ ਚਾਂਸਲਰ, ਪਦਮਾਵਤੀ ਮਹਿਲਾ ਵਿਸ਼ਵ ਵਿਦਿਆਲਿਆ, ਤ੍ਰਿਪਤੀ, ਆਂਧਰਾ ਪ੍ਰਦੇਸ਼, ਚੇਅਰਪਰਸਨ ਵਜੋਂ, ਡਾ. ਜੀ.ਅਰੁਣ ਮਾਈਆ, ਡੀਨ, ਮਨੀਪਾਲ ਕਾਲਜ ਆਫ਼ ਹੈਲਥ ਪ੍ਰੋਫੈਸ਼ਨਜ਼, ਮਨੀਪਾਲ, ਕਰਨਾਟਕ ਮੈਂਬਰ ਕੋਆਰਡੀਨੇਟਰ ਅਤੇ ਡਾ. ਪ੍ਰਸ਼ੰਕ ਕੁਮਾਰ ਪਾਤਰਾ, ਸਾਬਕਾ ਪ੍ਰਿੰਸੀਪਲ, ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਭੁਵਨੇਸ਼ਵਰ, ਓਡੀਸ਼ਜ਼ ਬਤੌਰ ਮੈਂਬਰਾਂ ਦੀ ਇਕ ਪੀਅਰ ਟੀਮ ਨੇ ਬੀਤੇ ਦਿਨੀਂ ਕਾਲਜ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਪੀਅਰ ਟੀਮ ਨੇ ਸੱਤ ਮਾਪਦੰਡਾਂ ਜਿਵੇਂ ਕਿ ਪਾਠਕ੍ਰਮ ਦੇ ਪਹਿਲੂ, ਅਧਿਆਪਨ, ਸਿੱਖਲਾਈ ਅਤੇ ਮੁਲਾਂਕਣ, ਖੋਜ਼ ਅਤੇ ਸਲਾਹ, ਬੁਨਿਆਦੀ ਢਾਂਚਾ, ਵਿਦਿਆਰਥੀ ਸਹਾਇਤਾ ਅਤੇ ਤਰੱਕੀ, ਗਵਰਨੈਂਸ ਅਤੇ ਲੀਡਰਸ਼ਿਪ ਅਤੇ ਵਧੀਆ ਅਭਿਆਸਾਂ ’ਚ ਕਾਲਜ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ।ਕਾਲਜ ਨੇ ਸਾਰੇ ਮਾਪਦੰਡਾਂ ’ਚ ਉਤਮਤਾ ਪ੍ਰਾਪਤ ਕੀਤੀ ਅਤੇ ਸਮੁੱਚੇ ਤੌਰ ’ਤੇ ਏ+ਗ੍ਰੇਡ ਨਾਲ ਸਨਮਾਨਿਤ ਕੀਤਾ।
ਡਾ. ਮਹਿਲ ਸਿੰਘ ਨੇ ਡਾ. ਤਮਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ ਅਤੇ ਕਾਲਜ ਕੋਆਰਡੀਨੇਸ਼ਨ ਟੀਮ ਦਾ ਨੈਕ ਪੀਅਰ ਟੀਮ ਨੂੰ ਕਾਲਜ ਦੀਆਂ ਪ੍ਰਾਪਤੀਆਂ ਦੀ ਤਿਆਰੀ ਅਤੇ ਪੇਸ਼ਕਾਰੀ ’ਚ ਅਣਥੱਕ ਯਤਨਾਂ ਲਈ ਧੰਨਵਾਦ ਵੀ ਪ੍ਰਗਟ ਕੀਤਾ।ਪੀਅਰ ਟੀਮ ਨੇ ਆਪਣੀ ਰਿਪੋਰਟ ’ਚ ਕਾਲਜ ਦੇ ਹਰੇਕ ਪਹਿਲੂ ਖਾਸ ਤੌਰ ’ਤੇ ਕਮਿਊਨਿਟੀ ਸੇਵਾਵਾਂ, ਵਾਤਾਵਰਣ ਦੀ ਸੁਰੱਖਿਆ, ਭੌਤਿਕ ਸਹੂਲਤਾਂ, ਮਹਿਲਾ ਸਸ਼ਕਤੀਕਰਨ ਅਤੇ ਵਿਦਿਆਰਥੀ ਸਹਾਇਤਾ ’ਚ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …