Monday, July 8, 2024

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਮੈਕਸੀਕਨ ਕਲਾਕਾਰਾਂ ਨੇ ਵਿਖਾਏ ਜੌਹਰ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਮੈਕਸੀਕੋ ਤੋਂਆਏ ਕਲਾਕਾਰਾਂ ਨੇ ਆਪਣੀ ਵਿਰਾਸਤ ਦਾ ਇਕ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਮੈਕਸੀਕਨ ਦੇਸ਼ ਦੇ ਰਵਾਇਤੀ ਲੋਕ ਨਾਚ ਅਤੇ ਗਾਇਕੀ ਨੂੰ ਸੁਨਹਿਰੇ ਢੰਗ ਨਾਲ ਪ੍ਰਦਰਸ਼ਿਤ ਕੀਤਾ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੇ ਸਹਿਯੋਗ ਨਾਲ ਗਵਰਨਿੰਗ ਕੌਂਸਲ ਅਤੇ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸਿਲ ਵਲੋਂ ਸਾਂਝੇ ਤੌਰ ’ਤੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਦਰਸ਼ਕ ਉਸ ਵੇਲੇ ਝੂਮਣ ਤੋਂ ਬਿਨ੍ਹਾਂ ਨਾ ਰਹਿ ਸਕੇ, ਜਦੋਂ ਪੰਜਾਬੀ ਕਲਾ ਦਾ ਸਾਂਝਾ ਨਮੂਨਾ ਉਕਤ ਵਿਦੇਸ਼ੀ ਆਏ ਕਲਾਕਾਰਾਂ ਅਤੇ ਸੰਸਥਾ ਦੇ ਵਿਦਿਆਰਥਣਾਂ ਨੇ ਮਿਲ ਕੇ ਸਟੇਜ਼ ’ਤੇ ਪੇਸ਼ ਕੀਤਾ।
ਇਸ ਤੋਂ ਪਹਿਲਾਂ ਨਾਨਕ ਸਿੰਘ ਨੇ ਆਏ ਮਹਿਮਾਨਾਂ ਵਫ਼ਦ ਕਲਾਕਾਰ ਡਾਂਸਰ/ਮੈਨੇਜ਼ਰ ਕੈਰੋਲੀਨਾ ਓਰਦਾਜ਼ ਔਰਟੀਜ਼, ਪੰਜਾਬ ਕਲਚਰਲ ਕੌਂਸਲ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਮੈਕਸੀਕੋ ਤੋਂ ਮੈਕਸੀਕਨ ਲੋਕ ਸੰਗ੍ਰਹਿ ‘ਟਿਏਰਾ ਮੇਸਟੀਜ਼ਾ’ ਦੁਆਰਾ ਮੈਕਸੀਕਨ ਡਾਂਸ ਗਰੁੱਪ ਨੇ ਆਪਣੇ ਦੇਸ਼ ਦੇ ਰਵਾਇਤੀ ਗਾਣ ਅਤੇ ਡਾਂਸ ਨਾਲ ਸਰੋਤਿਆਂ ਨੂੰ ਕਾਇਲ ਬਣਾ ਦਿੱਤਾ ਅਤੇ ਕਾਲਜ ਵਿਦਿਆਰਥਣਾਂ ਦੁਆਰਾ ਗਿੱਧਾ, ਬੋਲੀਆਂ ਆਦਿ ਦੀ ਕੀਤੀ ਗਈ ਪੇਸ਼ਕਾਰੀ ਬਾ-ਕਮਾਲ ਸੀ, ਜਿਸ ਨੂੰ ਉਕਤ ਵਿਦੇਸ਼ੀ ਕਲਾਕਾਰਾਂ ਨੇ ਆਪਣੇ ਕੈਮਰਿਆਂ ’ਚ ਕੈਦ ਕਰਦਿਆਂ ਇਸ ਦਾ ਖੂਬ ਆਨੰਦ ਮਾਣਿਆ ਹੈ।
ਨਾਨਕ ਸਿੰਘ ਨੇ ਕਿਹਾ ਕਿ ਉਕਤ ਵੱਖ-ਵੱਖ ਪ੍ਰੋਗਰਾਮਾਂ ਸਮੇਂ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ, ਉਥੇ ਸਟਾਫ਼ ਅਤੇ ਵਿਦਿਆਰਥਣਾਂ ਵਿਦੇਸ਼ੀ ਡਾਂਸ ਦੇ ਰੂਬਰੂ ਹੋਏ ਹਨ।ਵਿਦਿਆਰਥਣਾਂ ਨੇ ਵੈਸਟਰਨ ਸਾਂਗ, ਸੋਲੋ ਫੋਕ ਡਾਂਸ, ਫੋਕ ਸਾਂਗ, ਬੋਲੀਆਂ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ।
ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ’ਚ ਸੱਭਿਆਚਾਰਕ ਸਾਂਝ ਦੇ ਹਾਮੀ ਹੁੰਦੇ ਹਨ।ਇਸ ਫੈਸਟੀਵਲ ਦਾ ਮਕਸਦ ਹੀ ਵੱਖ-ਵੱਖ ਸੱਭਿਆਚਾਰਾਂ ’ਚ ਸਾਂਝੀਵਾਲਤਾ ਨੂੰ ਪੇਸ਼ ਕਰਨਾ ਹੈ।
ਛੀਨਾ ਕਿਹਾ ਕਿ ਉਕਤ 11 ਮੈਂਬਰੀ ਵਫ਼ਦ ਕਲਾਕਾਰ ਡਾਂਸਰ/ਮੈਨੇਜ਼ਰ ਕੈਰੋਲੀਨਾ ਓਰਦਾਜ਼ ਔਰਟੀਜ਼ ਦੀ ਅਗਵਾਈ ’ਚ ਅਸਿਸਟੈਂਟ ਮੈਨੇਜ਼ਰ ਇਟਜੈਲ ਗੌਂਆਡਲਿਊਪੇਅ, ਐਲਿਜ਼ਾਬੈਥ, ਸਾਰਾ, ਏਰੀਕਾ ਲਿਲੀਅਨ, ਮਾਰੀਆ ਸੋਲੇਦਾਦ, ਰੋਡਰਿਗੋ, ਹੂਗੋ ਮੌਰੀਸੀਓ, ਓਮਰ ਅਲੇਜੈਂਡਰੋ, ਅਲਫੋਂਸੋ ਅਤੇ ਨੋ ਜੇਰੋਨੀਮੋ ਆਦਿ ਮੈਂਬਰ ਨਾਲ ਪੁੱਜਿਆ ਹੈ।ਕੈਰੋਲੀਨਾ ਨੇ ਟੀਮ ਦੀ ਮੌਜ਼ੂਦਗੀ ’ਚ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ’ਤੇ ਫ਼ਖਰ ਮਹਿਸੂਸ ਕਰ ਰਹੇ ਹਨ।ਵਿਦੇਸ਼ੀ ਕਲਾਕਾਰ ਮੁੰਡੇ-ਕੁੜੀਆਂ ਨੇ ਕਾਲਜ ਵਿਦਿਆਰਥਣਾਂ ਨਾਲ ਗਿੱਧਾ ਪਾਇਆ।ਪ੍ਰਿੰ. ਨਾਨਕ ਸਿੰਘ ਨੇ ਦਵਿੰਦਰ ਸਿੰਘ ਛੀਨਾ ਅਤੇ ਆਏ ਵਿਦੇਸ਼ੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਗੁਰਪ੍ਰੀਤ ਸਿੰਘ ਰਟੌਲ, ਨਗਿੰਦਰਪਾਲ ਸਿੰਘ ਅਤੇ ਕਾਲਜ ਦੀ ਸੀਨੀਅਰ ਫੈਕਲਟੀ ਮੈਂਬਰ ਆਦਿ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …