ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ‘ਈ-ਰਿਸੋਰਸਿਸ ਦੀ ਪਹੁੰਚ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਇਹ ਸੈਮੀਨਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀ.ਐਫ.ਯੂ.ਐਚ.ਐਸ), ਫ਼ਰੀਦਕੋਟ ਦੇ ਉਪ ਕੁਲਪਤੀ (ਡਾ.) ਰਾਜੀਵ ਸੂਦ ਵਲੋਂ ਮਿਲੇ ਸਹਿਯੋਗ ਅਤੇ ਮਾਰਗਦਰਸ਼ਕ ਸਦਕਾ ਹੈਲਥ ਸਾਇੰਸਜ਼ ਲਾਇਬ੍ਰੇਰੀ ਨੈਟਵਰਕ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕਰਨ ਲਈ ਆਯੋਜਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸੈਮੀਨਾਰ ਦੇ ਸਿਖਲਾਈ ਸੈਸ਼ਨ ਦੀ ਅਗਵਾਈ ਰਿਤੇਸ਼ ਕੁਮਾਰ, ਟਰੇਨਰ ਕਮ ਐਕਸਪਰਟ ਈ.ਬੀ.ਐਸ.ਸੀ.ਓ ਉੱਤਰੀ ਭਾਰਤ ਵਲੋਂ ਕੀਤੀ ਗਈ।ਜਿਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਈ.ਬੀ.ਐਸ.ਸੀ.ਓ ਦੀਆਂ ਵਿਸ਼ੇਸ਼ਤਾਵਾਂ, ਖੋਜ਼ ਅਤੇ ਅਕਾਦਮਿਕ ਲੋੜਾਂ ਸਬੰਧੀ ਨੈਟਵਰਕ ਦੀਆਂ ਸੰਭਾਵਨਾ ਬਾਰੇ ਚਾਨਣਾ ਪਾਇਆ।ਇਸ ਪ੍ਰੋਗਰਾਮ ‘ਚ ਵਿਦਵਾਨਾਂ ਵਲੋਂ ਨੈਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਅਤੇ ਸਮਝਣ ਲਈ ਵੱਖ-ਵੱਖ ਨਰਸਿੰਗ ਕਾਲਜਾਂ ਤੋਂ ਆਏ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੀਆਂ 5 ਮਾਨਤਾ ਪ੍ਰਾਪਤ ਨਰਸਿੰਗ ਸੰਸਥਾਵਾਂ ਜਿਨ੍ਹਾਂ ‘ਚ ਖ਼ਾਲਸਾ ਕਾਲਜ ਆਫ਼ ਨਰਸਿੰਗ, ਗੁਰੂ ਤੇਗ ਬਹਾਦਰ ਕਾਲਜ ਆਫ਼ ਨਰਸਿੰਗ, ਆਨੰਦ ਕਾਲਜ ਆਫ਼ ਨਰਸਿੰਗ, ਚੀਫ਼ ਖ਼ਾਲਸਾ ਦੀਵਾਨ ਕਾਲਜ ਆਫ਼ ਨਰਸਿੰਗ ਅਤੇ ਅਮਨਦੀਪ ਕਾਲਜ ਆਫ਼ ਨਰਸਿੰਗ ਦੇ 140 ਤੋਂ ਵਧੇਰੇ ਸਿਖਿਆਰਥੀਆਂ ਨੇ ਹਿੱਸਾ ਲਿਆ।ਬੀ.ਐਫ.ਯੂ.ਐਚ.ਐਸ ਦੁਆਰਾ ਕਰਵਾਏ ਗਏ ਇਸ ਉਪਰਾਲੇ ਦੀ ਸਾਰਿਆਂ ਨੇ ਸ਼ਲਾਘਾ ਕਰਦਿਆਂ ਨਰਸਿੰਗ ਨਾਲ ਸਬੰਧਿਤ ਸਮੂਹ ਵਿਦਿਆਰਣਾਂ ਆਦਿ ਲਈ ਲਾਹੇਵੰਦ ਦੱਸਿਆ।ਅੰਤ ‘ਚ ਭਾਗੀਦਾਰਾਂ ਨੂੰ ਜਾਗਰੂਕਤਾ ਪੋਸਟਰ ਵੀ ਵੰਡੇ ਗਏ।