ਸੁਖਜੀਤ ਆਪਣੀਆਂ ਕਹਾਣੀਆਂ ਕਰਕੇ ਪਾਠਕਾਂ ਦੇ ਦਿਲਾਂ `ਚ ਰਹਿਣਗੇ: ਡਾ. ਮਨਜਿੰਦਰ ਸਿੰਘ
ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ ਕਵੀ ਸੁਖਜੀਤ ਦੇ ਅਕਾਲ ਚਲਾਣੇ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਵਿਸ਼ਵ ਕਹਾਣੀ ਦੇ ਮੇਚ ਕਰਕੇ ਪੰਜਾਬੀ ਕਹਾਣੀ ਦਾ ਮਾਣ ਵਧਾਇਆ ਹੈ।ਉਨ੍ਹਾਂ ਦੇ ਅਚਨਚੇਤ ਅਕਾਲ ਚਲਾਣੇ `ਤੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਇਹ ਕਦੇ ਵੀ ਪੂਰਿਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਐਵਾਰਡ ਮਿਲਣ ਉਪਰੰਤ ਪੰਜਾਬੀ ਵਿਭਾਗ ਵਲੋਂ ਉਨ੍ਹਾਂ ਦੇ ਨਾਲ ਇਕ ਰੂਬਰੂ ਪ੍ਰੋਗਰਾਮ ਅਤੇ ਉਨ੍ਹਾਂ ਦੀਆਂ ਹੁਣ ਤੱਕ ਦੀਆਂ ਸਾਹਿਤਕ ਸਿਰਜਣਾਵਾਂ `ਤੇ ਸੰਵਾਦ ਵੀ ਰਚਾਇਆ ਗਿਆ ਸੀ।ਉਨ੍ਹਾਂ ਕਿਹਾ ਕਿ ਸੁਖਜੀਤ ਨੇ ਬਹੁਤ ਹੀ ਸਿਰਮੌਰ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਇਸ ਤੋਂ ਪਹਿਲਾਂ ਇਸ ਫ਼ਾਨੀ ਜਗਤ ਤੋਂ ਤੁਰ ਜਾਣ ‘ਤੇ ਸੁਖਜੀਤ ਨੂੰ ਸ਼ਰਧਾ ਫੁੱਲ਼ ਭੇਟ ਕਰਦਿਆਂ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਮਨਜਿੰਦਰ ਸਿੰਘ ਨੇ ਉਹਨਾਂ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਜੀਤ ਨਿਪੁੰਨ ਕਹਾਣੀਕਾਰ ਸਨ।ਸੁਖਜੀਤ ਵਲੋਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ ਤਿੰਨ ਕਹਾਣੀ ਸੰਗ੍ਰਹਿਾਂ ਵਿੱਚ (ਅੰਤਰਾ, ਹੁਣ ਮੈਂ ਇੰਜੁਆਏ ਕਰਦੀ ਹਾਂ, ਮੈਂ ਅਯਨਘੋਸ਼ ਨਹੀਂ), ਕਾਵਿ ਪੁਸਤਕ (ਰੰਗਾਂ ਦਾ ਮਨੋਵਿਗਿਆਨ) ਅਤੇ ਸਵੈ-ਬਿਰਤਾਂਤ (ਮੈਂ ਜੈਸਾ ਹੂੰ ਵੈਸਾ ਕਿਉਂ ਹੂੰ) ਸ਼ਾਮਲ ਹਨ।ਉਤਕ੍ਰਿਸ਼ਟ ਸਾਹਿਤਕ ਘਾਲਣਾ ਕਾਰਨ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ 2022 ਵਿੱਚ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਉਹ ਆਪਣੀ ਸਿਰਜਨਾ ਸਦਕਾ ਹਮੇਸ਼ਾਂ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।ਉਹਨਾਂ ਦੀ ਗਿਣਤੀ ਅਜ਼ੋਕੇ ਦੌਰ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਕੀਤੀ ਜਾਂਦੀ ਰਹੇਗੀ।ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਕਿਹਾ ਕਿ ਸੁਖਜੀਤ ਕੋਲ ਕਹਾਣੀ ਸਿਰਜਨ ਦਾ ਹੁਨਰ ਸੀ।ਉਹਨਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਰਾਹੀਂ ਨਿਵੇਕਲੇ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ।
ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਸੁਖਜੀਤ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚਾ ਪੰਜਾਬੀ ਜਗਤ ਸਦਮੇ ਵਿੱਚ ਹੈ।ਸੁਖਜੀਤ ਨਾ ਕੇਵਲ ਇਕ ਪ੍ਰਬੁੱਧ ਲੇਖਕ, ਬਲਕਿ ਉਚੇਰੇ ਮਾਨਵੀ ਗੁਣਾਂ ਦੇ ਧਾਰਨੀ ਸੁਹਿਰਦ ਇਨਸਾਨ ਵੀ ਸਨ।ਪੰਜਾਬੀ ਸਾਹਿਤ ਜਗਤ ਵਿੱਚ ਸੁਖਜੀਤ ਦੀ ਸਿਰਜਨਾ ਕਾਰਨ ਉਹਨਾਂ ਦੀ ਵੱਖਰੀ ਪਹਿਚਾਣ ਕਾਇਮ ਰਹੇਗੀ।ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਕਿਹਾ ਕਿ ਸੁਖਜੀਤ ਮਾਨਵੀ ਸੰਵੇਦਨਾ ਨਾਲ ਲਬਰੇਜ਼ ਸਖ਼ਸ਼ੀਅਤ ਸਨ, ਜੋ ਕਿ ਹਮੇਸ਼ਾਂ ਸਾਡੀਆਂ ਸਿਮਰਤੀਆਂ ਵਿੱਚ ਜ਼ਿੰਦਾ ਰਹਿਣਗੇ।
ਇਸ ਮੌਕੇ ਡਾ. ਹਰਿੰਦਰ ਕੌਰ ਸੋਹਲ, ਡਾ. ਇੰਦਰਪ੍ਰੀਤ ਕੌਰ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ ਅਤੇ ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਪੰਜਾਬੀ ਵਿਭਾਗ ਤੋਂ ਸਮੂਹ ਖੋਜ਼ ਤੇ ਹੋਰ ਵਿਦਿਆਰਥੀ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …