ਡਾ. ਓਬਰਾਏ ਵਲੋਂ ਨਿਭਾਏ ਜਾ ਰਹੇ ਮਿਸਾਲੀ ਸੇਵਾ ਕਾਰਜ਼ ਸ਼ਲਾਘਾਯੋਗ – ਕੁਲਦੀਪ ਸਿੰਘ ਧਾਲੀਵਾਲ
ਅੰਮ੍ਰਿਤਸਰ, 20 ਫ਼ਰਵਰੀ (ਜਗਦੀਪ ਸਿੰਘ) – ਲੋੜਵੰਦ ਲੋਕਾਂ ਲਈ ਹਮੇਸ਼ਾਂ ਸਭ ਤੋਂ ਮੋਹਰੀ ਹੋ ਕੇ ਮਿਸਾਲੀ ਸੇਵਾ ਕਾਰਜ਼ ਨਿਭਾਉਣ ਵਾਲੇ ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵਲੋਂ ਅੱਜ ਪਿੰਡ ਖਤਰਾਏ ਕਲਾਂ ਵਿਖੇ ਆਪਣਾ 637ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ।
ਦੇਸ਼ ਭਗਤ ਉਜਾਗਰ ਸਿੰਘ ਯਾਦਗਾਰੀ ਫਾਊਂਡੇਸ਼ਨ ਅਤੇ ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਦੌਰਾਨ ਇਲਾਕੇ ਦੇ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਬਹੁਤ ਸਾਰੇ ਅਜਿਹੇ ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਵਾ ਕੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੁਫ਼ਤ ਲੈਂਜ਼ ਪਵਾਏ ਜਾਣਗੇ।
ਕੈਂਪ ਵਿੱਚ ਉਚੇਚੇ ਤੌਰ `ਤੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਐਸ.ਪੀ ਸਿੰਘ ਓਬਰਾਏ ਵਰਗੇ ਨੇਕ ਦਿਲ ਇਨਸਾਨ ਵਲੋਂ ਸਮਾਜ ਲਈ ਕੀਤੇ ਜਾ ਰਹੇ ਵੱਡੇ ਸੇਵਾ ਕਾਰਜ਼ਾਂ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ, ਥੋੜ੍ਹੀ ਹੈ।ਇਸੇ ਦੌਰਾਨ ਗੱਲਬਾਤ ਕਰਦਿਆਂ ਉਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱੱਕ ਇੱਕ ਲੱਖ ਤੋਂ ਵਧੇਰੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪਰੇਸ਼ਨ ਕਰਵਾ ਕੇ ਲੈਂਜ਼ ਪਵਾਏ ਜਾ ਚੁੱਕੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੱਸਟ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਅਤੇ ਹੋਰਨਾਂ ਖੇਤਰਾਂ ਨਾਲ ਸੰਬੰਧਿਤ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਟਰੱਸਟ ਦੇ ਜਿਲ੍ਹਾ ਦਫਤਰਾਂ ਨਾਲ ਕਿਸੇ ਸਮੇਂ ਵੀ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ, ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਭੱਟੀ, ਲਾਇਨ ਕੰਵਰਦੀਪ ਸਿੰਘ ਸਿੱਧੂ ਪ੍ਰਧਾਨ ਲਾਇਨਜ਼ ਕਲੱਬ, ਚੇਅਰਮੈਨ ਲਾਇਨ ਨਰਿੰਦਰ ਸਿੰਘ, ਲਾਇਨ ਬਲਜੀਤ ਸਿੰਘ ਜੰਮੂ, ਲਾਇਨ ਜਗਜੀਤ ਸਿੰਘ, ਲਾਇਨਜਗਮੋਹਨ ਸਿੰਘ ਦੂਆ, ਲਾਇਨਸੁਖਦੇਵ ਸਿੰਘ ਸਮਰਾ, ਡਾ. ਗੁਰਭੇਜ ਸਿੰਘ, ਅਮਰੀਕ ਢਿੱਲੋਂ ਚਮਿਆਰੀ, ਹਰਮਨ ਢਿੱਲੋਂ ਫੁਲੇਚੱਕ, ਹੈਵਰ ਸ਼ਾਹ ਭੋਏਵਾਲੀ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜ਼ੀ, ਹਰਦੇਵ ਸਿੰਘ ਜੰਗਾ ਭੋਏਵਾਲੀ, ਸਾਹਿਬ ਸਿੰਘ ਫੌਜੀ ਆਦਿ ਵੀ ਮੌਜ਼ੂਦ ਸਨ।