ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵੈਟਰਨਰੀ ਪੇਸ਼ੇ ’ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਰਸਮੀ ਪ੍ਰਵੇਸ਼ ਲਈ ‘ਵਾਈਟ ਕੋਟ’ ਸਮਾਰੋਹ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਵਲੋਂ ਡਿਗਰੀ ਕੋਰਸ ਬੀ.ਵੀ.ਐਸ.ਸੀ ਅਤੇ ਏ.ਐਚ ਪਹਿਲੇ ਸਾਲ ਦੇ 100 ਵਿਦਿਆਰਥੀਆਂ ਨੂੰ ਚਿੱਟੇ ਕੋਟ ਭੇਂਟ ਕੀਤੇ ਗਏ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਵਰਮਾ ਨੇ ਡਾ. ਏ.ਐਮ ਪਾਂਡੇ, ਡਾ. ਐਸ.ਕੇ ਕਾਂਸਲ ਅਤੇ ਹੋਰ ਫੈਕਲਟੀ ਮੈਂਬਰਾਂ ਦੀ ਹਾਜ਼ਰੀ ’ਚ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।ਡਾ. ਵਰਮਾ ਨੇ ਕਿਹਾ ਕਿ ਚਿੱਟਾ ਕੋਟ ਪਹਿਨਣ ਵਾਲੇ ਦੀ ਪਛਾਣ ਇੱਕ ਸਿੱਖਿਅਤ ਵੈਟਰਨ ਵਜੋਂ ਹੁੰਦੀ ਹੈ।ਉਨ੍ਹਾਂ ਕਿਹਾ ਕਿ ਜਦੋਂ ਇਹ ਕੋਟ ਪਹਿਨਿਆ ਜਾਂਦਾ ਹੈ ਤਾਂ ਇਹ ਚਿੱਟੇ ਕੋਟ ਦੀ ਸ਼ਾਨ-ਸਨਮਾਨ ਅਤੇ ਮਹੱਤਤਾ ਨੂੰ ਬਣਾਈ ਰੱਖਣ ਲਈ ਮੋਢਿਆਂ ’ਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਮਹਿਸੂਸ ਕਰਵਾਉਂਦਾ ਹੈ।ਉਨ੍ਹਾਂ ਨੇ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ’ਤੇ ਜ਼ੋਰ ਦਿੰਦਿਆਂ ਪਸ਼ੂਆਂ ਦੀ ਸਿਹਤ ਅਤੇ ਭਲਾਈ ਦੇ ਰੱਖਿਅਕ ਵਜੋਂ ਪਸ਼ੂਆਂ ਦੇ ਡਾਕਟਰਾਂ ਦੇ ਫਰਜ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਡਾ. ਵਰਮਾ ਨੇ ਕਿਹਾ ਕਿ ਉਹ ਸੀਮਾਂਤ, ਬੇਜ਼ਮੀਨੇ ਜਾਨਵਰਾਂ ਅਤੇ ਛੋਟੇ ਕਿਸਾਨਾਂ ਦੀ ਸੇਵਾ ਕਰਨ ਤੋਂ ਕਦੇ ਵੀ ਪਿਛਾਂਹ ਨਾ ਹਟਣ, ਜਿਨ੍ਹਾਂ ਕੋਲ ਰੋਜ਼ੀ-ਰੋਟੀ ਲਈ ਇਕੋ ਇੱਕ ਸਾਧਨ ਪਸ਼ੂ ਹੁੰਦਾ ਹੈ।ਵਿਦਿਆਰਥੀਆਂ ਨੇ ਸਮਾਜ ਦੇ ਫਾਇਦੇ ਲਈ ਗਿਆਨ ਅਤੇ ਹੁਨਰ ਹਾਸਲ ਕਰਨ ਸਬੰਧੀ ਪਸ਼ੂਆਂ ਅਤੇ ਮੁਰਗੀਆਂ ਦੀ ਸਿਹਤ ਦੀ ਸੁਰੱਖਿਆ, ਕਲਿਆਣ ਅਤੇ ਕਸ਼ਟਾਂ ਤੋਂ ਮੁਕਤੀ ਲਈ ਪ੍ਰਣ ਵੀ ਕੀਤਾ।ਉਨ੍ਹਾਂ ਕਿਹਾ ਕਿ ਹੋਮੋਸੈਪੀਅਨਜ਼ ਅਤੇ ਸੋਸਾਇਟੀ ਜਿਊਂਦੇ ਰਹਿਣ ਤੱਕ ਵੈਟਰਨਰੀ ਦੀ ਹਮੇਸ਼ਾਂ ਮੰਗ ਰਹੇਗੀ।ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਵਿਦਿਆਰਥੀਆਂ ਨੂੰ ਵਾਈਟ ਕੋਟ ਹਾਸਲ ਕਰਨ ’ਤੇ ਵਧਾਈ ਦਿੱਤੀ ਅਤੇ ਇਸ ਦਾ ਮਾਣ ਬਣਾਈ ਰੱਖਣ ਦੀ ਸਲਾਹ ਦਿੱਤੀ।
ਇਸ ਮੌਕੇ ਡਾ. ਹਰਨੀਤ ਕੌਰ, ਡਾ. ਅਨੁਸ਼੍ਰੀ ਪਾਂਡੇ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …