ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ ਨੇ ਸਭਿਆਚਾਰਕ ਰੰਗ ਬਿਖੇਰਿਆ
ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵਲੋਂ ਲਾਈਫ ਗਾਰਡ ਗਰੁੱਪ ਆਫ ਇੰਸਟੀਚਿਊਸ਼ਨਜ਼ ਕਲੌਦੀ ਵਿਖੇ ਕੋਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਵਿਦਿਅਕ ਸਮਾਗਮ ਪਰਵਿੰਦਰ ਕੌਰ ਡਾਇਰੈਕਟਰ, ਡਾ. ਚਮਨਦੀਪ ਕੌਰ ਪ੍ਰਿੰਸੀਪਲ, ਸਟੱਡੀ ਸਰਕਲ ਦੇ ਗੁਰਮੇਲ ਸਿੰਘ ਵਿੱਤ ਸਕੱਤਰ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਦੀ ਦੇਖ-ਰੇਖ ਹੇਠ ਕੀਤਾ ਗਿਆ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਕੌਮੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਇਕੋਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਦੇ ਨਾਲ ਡਾ: ਸੁਖਦੀਪ ਕੌਰ ਪ੍ਰਿੰਸੀਪਲ ਅਕਾਲ ਐਜੂਕੇਸ਼ਨ ਕਾਲਜ ਮਸਤੂਆਣਾ ਸਾਹਿਬ, ਪੋ੍: ਗਗਨਦੀਪ ਕੌਰ ਸੈਸਕੈਚਵਨ ਯੂਨੀਵਰਸਿਟੀ ਕੈਨੇਡਾ ਅਤੇ ਮੈਡਮ ਰਾਜਦੀਪ ਕੌਰ ਡਾਇਟੀਸ਼ੀਅਨ ਕੈਨੇਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਡਾ: ਸੁਖਵਿੰਦਰ ਸਿੰਘ ਚੇਅਰਮੈਨ ਸੰਸਥਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਸਮਾਗਮ ਦੀ ਆਰੰਭਤਾ ਸ਼ਬਦ ਗਾਇਨ ਨਾਲ ਕਾਲਜ ਵਿਦਿਆਰਥਣਾਂ ਨੇ ਕੀਤੀ।
ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਸਮਾਗਮ ਦੇ ਮੰਤਵ ਬਾਰੇ ਦੱਸਦਿਆਂ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ ਅਤੇ ਕਾਵਿਮਈ ਤਰੀਕੇ ਨਾਲ ਸਟੇਜ਼ ਦਾ ਸੰਚਾਲਨ ਬਾਖੂਬੀ ਕੀਤਾ।ਪ੍ਰੋ. ਸਤਿੰਦਰ ਕੌਰ ਪ੍ਰਿੰਸੀਪਲ ਈ.ਟੀ.ਟੀ ਨੇ ਮਹਿਮਾਨਾਂ ਅਤੇ ਸਟੱਡੀ ਸਰਕਲ ਨੁਮਾਇੰਦਿਆਂ ਦਾ ਸਵਾਗਤ ਕੀਤਾ।ਹਰਵਿੰਦਰ ਕੌਰ ਨੇ ਕੋਮਾਂਤਰੀ ਇਸਤਰੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਸਟੱਡੀ ਸਰਕਲ ਦੇ ਇਸਤਰੀ ਕੌਂਸਲ ਦੀਆਂ ਸਰਗਰਮੀਆਂ ਬਾਰੇ ਦੱਸਿਆ।ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਅਕਾਦਮਿਕ ਖੇਤਰ ਅਧੀਨ ਗਤੀਵਿਧੀਆਂ ਅਤੇ ਜ਼ੋਨਲ ਦਫ਼ਤਰ ਵਿਖੇ ਹੋ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।ਉਪਰੰਤ ਮੁੱਖ ਬੁਲਾਰੇ ਡਾ: ਸੁਖਦੀਪ ਕੌਰ ਨੇ ਡਿਜ਼ੀਟਲ ਵਿਧੀ ਰਾਹੀਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਖੇਤਰ ਦੀਆਂ ਔਰਤਾਂ ਅਤੇ ਉਨ੍ਹਾਂ ਵਲੋਂ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਕ ਦੱਸਿਆ।ਲੜਕੀਆਂ ਨੂੰ ਦਰਪੇਸ਼ ਮੁਸ਼ਕਲਾਂ, ਚੁਣੋਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਤਾਕੀਦ ਕੀਤੀ।ਉਨ੍ਹਾਂ ਨੇ ਲੜਕੀਆਂ ਦੀ ਸੁਰੱਖਿਆ ਲਈ ਬਣਾਏ ਬਹੁਤ ਸਾਰੇ ਕਾਨੂੰਨਾਂ ਦਾ ਵੇਰਵਾ ਦਿੱਤਾ ਅਤੇ ਹੈਲਪਲਾਈਨਾਂ ਤੱਕ ਪਹੁੰਚ ਕਰਨ ਬਾਰੇ ਜਾਣਕਾਰੀ ਦਿੱਤੀ।ਪਰਵਿੰਦਰ ਕੌਰ ਡਾਇਰੈਕਟਰ ਨੇ ਸਿੱਖ ਇਤਿਹਾਸ ਦੀਆਂ ਮਹਾਨ ਬੀਬੀਆਂ ਮਾਤਾ ਗੁਜਰੀ, ਮਾਈ ਭਾਗੋ, ਮਾਤਾ ਸਾਹਿਬ ਕੌਰ, ਬੀਬੀ ਭਾਨੀ, ਬੀਬੀ ਸੁੰਦਰੀ ਆਦਿ ਦੀ ਰੌਸ਼ਨੀ ਵਿੱਚ ਲੜਕੀਆਂ ਨੂੰ ਆਪਣੀ ਸਖਸ਼ੀਅਤ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ।
ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਸੁਖਮਿੰਦਰ ਸਿੰਘ ਭੱਠਲ ਸਕੱਤਰ ਬਿਰਧ ਆਸ਼ਰਮ ਬੱਡਰੁਖਾਂ, ਡਾ: ਈਨਾਮ- ਉਰ-ਰਹਿਮਾਨ ਮੈਂਬਰ ਬਾਲ ਭਲਾਈ ਕਮੇਟੀ ਅਤੇ ਪ੍ਰੋ. ਗਗਨਦੀਪ ਕੌਰ ਕੈਨੇਡਾ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਲੜਕੀਆਂ ਨੂੰ ਜਾਗਰੂਕ ਹੋਣ ਦਾ ਹਲੂਣਾ ਦਿੱਤਾ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਨੇ ਸਟੱਡੀ ਸਰਕਲ ਵਲੋਂ ਪਿੰਡਾਂ ਦੀਆਂ ਲੜਕੀਆਂ ਨੂੰ ਆਪਣੇ ਕਿੱਤੇ ਰੁਜ਼ਗਾਰ ਲਈ ਸਮਰੱਥ ਕਰਨ ਦੇ ਮੰਤਵ ਅਧੀਨ ਚਲਾਏ ਜਾ ਰਹੇ ਬੇਬੇ ਨਾਨਕੀ ਸਿਲਾਈ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ।ਮੁੱਖ ਮਹਿਮਾਨ ਲੈਕਚਰਾਰ ਬਲਬੀਰ ਕੌਰ ਰਾਇਕੋਟੀ ਨੇ ਇਸਤਰੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੇ ਮੁੱਖ ਭਾਸ਼ਣ ਰਾਹੀਂ ਕਿਹਾ ਕਿ ਚੰਗੇ ਅਤੇ ਸਭਿਅਕ ਸਮਾਜ ਦੀ ਸਿਰਜਣਾ ਲਈ ਮਰਦ ਅਤੇ ਔਰਤ ਦੇ ਪਾੜੇ ਨੂੰ ਖ਼ਤਮ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਆਪਣੀਆਂ ਧੀਆਂ ਨੂੰ ਉੱਚ ਵਿੱਦਿਆ ਅਤੇ ਬੇਖੌਫ ਹੋ ਕੇ ਵਿਚਰਨ ਲਈ ਸੁਰੱਖਿਅਤ ਮਾਹੌਲ ਦੇਣ ਦੀ ਜਰੂਰਤ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਔਰਤਾਂ ਤੇ ਹੋ ਰਹੇ ਅਪਰਾਧਾਂ ਨੂੰ ਰੋਕਣ ਲਈ ਬਣਾਏ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਇਸ ਸਮਾਗਮ ਦੌਰਾਨ ਸਾਹਿਤਕਾਰ ਤੇ ਕਵੀ ਪਰਮਜੀਤ ਸਿੰਘ ਫੱਗੂਵਾਲੀਆ, ਅਮਨਦੀਪ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਭਾਸ਼ਾਵਾਂ ਤੇ ਸਾਹਿਤ, ਹਰਪ੍ਰੀਤ ਕੌਰ ਪ੍ਰਧਾਨ ਬੇਬੇ ਨਾਨਕੀ ਸਿਲਾਈ ਕੇਂਦਰ ਥਲੇਸਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਔਰਤ ਦੀ ਮਹਾਨਤਾ ਦਾ ਜ਼ਿਕਰ ਕੀਤਾ।ਕਾਲਜ ਵਿਦਿਆਰਥਣਾਂ ਦੁਆਰਾ ਪੰਜਾਬੀ, ਰਾਜਸਥਾਨੀ ਨਾਚ ਅਤੇ ਹੋਰ ਵੰਨਗੀਆਂ ਰਾਹੀਂ ਸਭਿਆਚਾਰਕ ਰੰਗ ਬਿਖੇਰਿਆ ਗਿਆ।ਡਾ: ਸੁਖਵਿੰਦਰ ਸਿੰਘ ਚੇਅਰਮੈਨ ਨੇ ਸਟੱਡੀ ਸਰਕਲ ਦੇ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਧੰਨਵਾਦੀ ਸ਼ਬਦ ਕਹੇ।ਮਹਿਮਾਨਾਂ ਨੂੰ ਸਟੱਡੀ ਸਰਕਲ ਅਤੇ ਕਾਲਜ ਵਲੋਂ ਸ਼ਾਲਾਂ, ਲੋਈਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਪੁਸਤਕਾਂ ਦੇ ਉਤਸ਼ਾਹਵਰਧਕ ਇਨਾਮ ਦਿੱਤੇ ਗਏ।
ਹਰਿੰਦਰ ਸਿੰਘ ਗਰੁੱਪ ਕੋਆਰਡੀਨੇਟਰ, ਸਤਨਾਮ ਸਿੰਘ ਸੁਪਰਡੈਂਟ, ਰਵਨੀਤ ਕੌਰ ਪ੍ਰਿੰਸੀਪਲ ਸਕੂਲ, ਗੁਰਦਰਸ਼ਨ ਸਿੰਘ ਸਪਰਿੰਗਡੇਲ ਸਕੂਲ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਇਸ ਸਮਾਗਮ ਵਿੱਚ ਅਮਨਦੀਪ ਕੌਰ, ਹਰਪ੍ਰੀਤ ਕੌਰ, ਸਜਵਿੰਦਰ ਕੌਰ, ਕਮਲੇਸ਼ ਰਾਣੀ, ਜਸਵੀਰ ਕੌਰ, ਕਿਰਨਦੀਪ ਕੌਰ, ਰਮਨਪ੍ਰੀਤ ਕੌਰ, ਮੋਨਿਕਾ ਰਾਣੀ, ਜੋਤੀ ਜੋਤੀ ਕੌਰ, ਜਤਿੰਦਰ ਸਿੰਘ ਸਮੇਤ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।