Wednesday, January 15, 2025

ਕਿਸਾਨ ਜਥੇਬੰਦੀਆਂ ਨੇ ਸੰਗਰੂਰ ਵਿਖੇ ਕੀਤਾ ਰੇਲਾਂ ਦਾ ਚੱਕਾ ਜਾਮ

ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਦੀਆਂ ਪੰਜ਼ ਕਿਸਾਨ ਜਥੇਬੰਦੀਆਂ ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ ਧਨੇਰ, ਬੀਕੇਯੂ ਕ੍ਰਾਂਤੀਕਾਰੀ, ਕਿਸਾਨ ਯੂਨੀਅਨ ਦਰਸ਼ਨ ਪਾਲ, ਬੀਕੇਯੂ ਦੁਆਬਾ ਦੀ ਤਰਫੋਂ ਅੱਜ ਪੰਜਾਬ ਅੰਦਰ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।ਸੰਗਰੂਰ ਵਿਖੇ ਵੀ 12.00 ਵਜੇ ਤੋਂ ਲੈ ਕੇ 4.00 ਵਜੇ ਤੱਕ ਰੇਲਾਂ ਦਾ ਚਕਾ ਜਾਮ ਕੀਤਾ ਗਿਆ ਹੈ।ਜਥੇਬੰਦੀਆਂ ਵਲੋਂ ਜਾਰੀ ਬਿਆਨ ਅਨੁਸਾਰ ਇਹ ਅੰਦੋਲਨ ਮੋਦੀ ਭਾਜਪਾ ਸਰਕਾਰ ਦੁਆਰਾ ਕਿਸਾਨਾਂ ਦੇ ਜਨਤਕ ਸੰਘਰਸ਼ ਦੌਰਾਨ ਸ਼ੰਭੂ ਤੇ ਖਨੋਰੀ ਬਾਰਡਰ ਵਿਖੇ ਲਾਠੀਆਂ ਤੇ ਗੋਲੀਆਂ ਦੇ ਜ਼ੋਰ ਨਾਲ ਕਿਸਾਨਾਂ ‘ਤੇ ਜ਼ੁਲਮ ਕਰਨ, ਸ਼ੁਭਕਰਨ ਸਿੰਘ ਨੂੰ ਜਾਨੋ ਮਾਰਨ ਅਤੇ ਪ੍ਰਿਤਪਾਲ ਸਿੰਘ ਦੀ ਮਾਰਕੁਟਾਈ ਵਿਰੁੱਧ ਕੀਤਾ ਗਿਆ।ਉਨਾਂ ਕਿਹਾ ਕਿ ਸਾਰੀਆਂ ਫਸਲਾਂ ਦੀ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ, ਕਿਸਾਨ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਅਤੇ ਬੁਢਾਪਾ ਪੈਨਸ਼ਨ, ਸਰਵਜਨਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵਲੋਂ ਮੰਨ ਕੇ ਮੁੱਕਰੀਆਂ ਕਿਸਾਨੀ ਮੰਗਾਂ, ਇਸ ਐਕਸ਼ਨ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ।ਇਸ ਤੋਂ ਇਲਾਵਾ ਭਾਰਤ ਨੂੰ ਡਬਲੂ.ਟੀ.ਓ ਤੋਂ ਬਾਹਰ ਲਿਆਉਣ ਵਰਗੀਆਂ ਭੱਖਵੀਆਂ ਮੰਗਾਂ ਵੀ ਇਹਨਾਂ ਮੰਗਾਂ ਵਿੱਚ ਸ਼ਾਮਲ ਹਨ।ਰੇਲ ਰੋਕੋ ਅੰਦੋਲਨ ਸਮੇਂ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਸੂਬਾ ਸੰਗਠਨ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡਆਂ, ਜਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜਿਲ੍ਹਾ ਪ੍ਰੈਸ ਸਕੱਤਰ ਗੋਬਿੰਦਰ ਸਿੰਘ ਮੰਗਵਾਲ, ਬਹਾਦਰ ਸਿੰਘ ਭਟਾਲ ਖੁਰਦ, ਜਿਲ੍ਹਾ ਮਲੇਰਕੋਟਲਾ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਭੋਦਨ, ਜਿਲ੍ਹਾ ਆਗੂ ਨਿਰਮਲ ਸਿੰਘ, ਰਵਿੰਦਰ ਸਿੰਘ ਤੇ ਕੇਵਲ ਸਿੰਘ ਆਦਿ ਹਾਜ਼ਰ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …