1 ਕਰੋੜ 21 ਲੱਖ ਦੀ ਲਾਗਤ ਨਾਲ ਅੰਮ੍ਰਿਤਸਰ-ਮਹਿਤਾ ਰੋਡ ਦੀ ਸਪੈਸ਼ਲ ਰਿਪੇਅਰ ਕਰਵਾਈ ਜਾਵੇਗੀ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਇੱਕ ਪਵਿੱਤਰ ਸ਼ਹਿਰ ਹੈ, ਜਿਥੇ ਰੋਜ਼ਾਨਾ ਦੀ ਗਿਣਤੀ ਵਿੱਚ ਲੱਖਾਂ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ ਅਤੇ ਯਾਤਰੂਆਂ ਦੀ ਸਹੂਲਤ ਲਈ ਸੁਲਤਾਨਵਿੰਡ ਪਿੰਡ ਵਿਖੇ ਅੱਪਰਬਾਰੀ ਦੁਆਬ ਨਹਿਰ ਨਾਲ ਦੋ ਮਾਰਗੀ ਪੁੱਲ ਅਤੇ ਅੰਮ੍ਰਿਤਸਰ ਮਹਿਤਾ ਸੜ੍ਹਕ ਦੀ ਸਪੈਸਲ ਰਿਪੇਅਰ ਕਰਵਾਈ ਜਾਵੇਗੀ ਤਾਂ ਜੋ ਆਉਣ ਵਾਲੇ ਸਰਧਾਲੂਆਂ ਨੂੰ ਕਿਸੇ ਕਿਸਮ ਦੀ ਆਵਾਜਾਈ ਵਿੱਚ ਮੁਸ਼ਕਲ ਨਾ ਆਵੇ।
ਇਨਾਂ ਸਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਅੰਮਿ੍ਰਤਸਰ ਸ਼ਹਿਰ ਦੇ ਦੋ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਦੱਖਣੀ ਅਤੇ ਅੰਮ੍ਰਿਤਸਰ ਪੂਰਬੀ ਵਿਖੇ ਕਰੀਬ 35 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।ਸਭ ਤੋਂ ਪਹਿਲਾਂ ਈ.ਟੀ.ਓ ਨੇ ਪਿੰਡ ਸੁਲਤਾਨਵਿੰਡ ਪਿੰਡ ਵਿਖੇ ਬਣਨ ਵਾਲੇ ਦੋ ਮਾਰਗੀ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ।ਉਨਾਂ ਕਿਹਾ ਕਿ ਤਾਰਾਂ ਵਾਲੇ ਪੁੱਲ ਤੋਂ ਸੁਲਤਾਨਵਿੰਡ ਪਿੰਡ ਦੇ ਚੌਂਕ ਉਪਰ ਦੋ ਮਾਰਗੀ ਫਲਾਈਓਵਰ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ ‘ਤੇ ਲਗਭਗ 33.55 ਕਰੋੜ ਰੁਪਏ ਖਰਚ ਆਉਣਗੇ।ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 985 ਮੀਟਰ, ਫਲਾਈਓਵਰ ਦੀ ਲੰਬਾਈ 725 ਮੀਟਰ ਅਤੇ ਚੌੜਾਈ 14 ਮੀਟਰ ਹੋਵੇਗੀ।ਇਸਦੇ ਨਾਲ ਹੀ 5.50 ਮੀਟਰ ਸਰਵਿਸ ਰੋਡ ਫਲਾਈਓਵਰ ਦੇ ਦੋਵੇਂ ਪਾਸੇ ਅਤੇ ਬਰਸਾਤੀ ਪਾਣੀ ਦੇ ਲਈ ਡਰੇਨ ਦੀ ਵਿਵਸਥਾ ਵੀ ਕੀਤੀ ਜਾਵੇਗੀ।
ਈ.ਟੀ.ਓ ਨੇ ਦੱਸਿਆ ਕਿ ਇਸ ਫਲਾਈਓਵਰ ਦੇ ਨਿਰਮਾਣ ਹੋਣ ਵਾਲੇ ਆਉਣ ਵਾਲੇ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਨੂੰ ਟਰੈਫਿਕ ਜਾਮ ਵਿਚੋਂ ਛੁਟਕਾਰਾ ਮਿਲੇਗਾ।ਉਨਾਂ ਦੱਸਿਆ ਕਿ ਇਹ ਪੁੱਲ 24 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ।
ਇਸ ਉਪਰੰਤ ਈ.ਟੀ.ਓ ਵਲੋਂ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੇ ਅੰਮ੍ਰਿਤਸਰ ਮਹਿਤਾ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ।ਉਨਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 1.350 ਕਿਲੋਮੀਟਰ ਅਤੇ ਚੋੜਾਈ 31 ਫੁੱਟ ਹੈ, ਜਿਸ ਦੀ ਸਪੈਸ਼ਲ ਰਿਪੇਅਰ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਕਾਰਜ ਨੂੰ 6 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।ਈ.ਟੀ.ਓ ਨੇ ਦੱਸਿਆ ਕਿ ਇਸ ਦੇ ਸਪੈਸ਼ਲ ਰਿਪੇਅਰ ਦੇ ਕੰਮ ਉਪਰ 120.92 ਲੱਖ ਰੁਪਏ ਖਰਚ ਆਉਣਗੇ।ਉਨਾਂ ਦੱਸਿਆ ਕਿ ਇਹ ਸੜਕ ਅੰਮ੍ਰਿਤਸਰ ਸ਼ਹਿਰ ਨੂੰ ਜਿਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਜੋੜਦੀ ਹੈ ਅਤੇ ਇਸ ਸੜਕ ਦੀ ਸਪੈਸ਼ਲ ਰਿਪੇਅਰ ਨਾਲ ਇਸ ਸੜਕ ਤੇ ਪੈਂਦੇ ਫੋਕਲ ਪੁਆਇੰਟ ਅਤੇ ਸਬਜ਼ੀ ਮੰਡੀ ਵਿਖੇ ਆਵਾਜਾਈ ਵਿੱਚ ਕਾਫੀ ਰਾਹਤ ਮਿਲੇਗੀ।ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਇਸ ਪੂਰੀ ਸੜਕ ‘ਤੇ ਸੜਕ ਦੇ ਨਾਲ-ਨਾਲ ਇੰਟਰਲਾਕਿੰਗ ਟਾਇਲਾਂ ਵੀ ਲਗਾਈਆਂ ਜਾਣਗੀਆਂ।ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜ਼ਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਹਲਕਾ ਵਿਧਾਇਕ ਦੱਖਣੀ ਡਾ: ਇੰਦਰਬੀਰ ਸਿੰਘ ਨਿੱਜ਼ਰ, ਹਲਕਾ ਵਿਧਾਇਕ ਪੂਰਬੀ ਮੈਡਮ ਜੀਵਨਜੋਤ ਕੌਰ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀ: ਜਗਦੀਪ ਸਿੰਘ, ਨਵਨੀਤ ਸਰਮਾ, ਚੇਅਰਮੈਨ ਮਾਰਕੀਟ ਕਮੇਟੀ ਬਲਬੀਰ ਸਿੰਘ ਰਿੰਕੂ, ਐਸ.ਈ ਇੰਦਰਜੀਤ ਸਿੰਘ, ਐਕਸੀਅਨ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।