ਹਲਕਾ ਜੰਡਿਆਲਾ ਗੁਰੂ, ਖਡੂਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਨੀਂਹ ਪੱਥਰ ਰੱਖੇ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਹਲਕਾ ਜੰਡਿਆਲਾ ਗੁਰੂ, ਸ੍ਰੀ ਖਡੂਰ ਸਾਹਿਬ ਅਤੇ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ 78 ਕਰੋੜ ਰੁਪਏ ਤੋਂ ਵੱਧ ਦੇ ਕੰਮਾਂ ਦੀ ਸ਼ੁਰੂਆਤ ਕੀਤੀ।ਆਪਣੇ ਇਸ ਤੂਫਾਨੀ ਦੌਰੇ ਦੌਰਾਨ ਉਹਨਾਂ ਨੇ ਸਵੇਰ ਤੋਂ ਹੀ ਵੱਖ-ਵੱਖ ਵਿਕਾਸ ਕੰਮਾਂ ਦੇ ਨਹੀਂ ਪੱਥਰ ਰੱਖਣੇ ਸ਼ੁਰੂ ਕੀਤੇ ਜੋ ਕਿ ਸ਼ਾਮ ਤੱਕ ਜਾਰੀ ਰਹੇ।
ਸੁਲਤਾਨ ਵਿੰਡ ਬਾਈਪਾਸ ਵਿਖੇ ਪੁੱਲ ਦੀ ਸ਼ੁਰੂਆਤ ਉਪਰੰਤ ਉਹਨਾਂ ਨੇ ਅੰਮ੍ਰਿਤਸਰ-ਮਹਿਤਾ ਸੜਕ ਦੇ ਬਾਈਪਾਸ ਬਣਨ ਕਾਰਨ ਮਹਿਤਾ-ਸ੍ਰੀ ਹਰਗੋਬਿੰਦਪੁਰ ਰੋਡ ਦੇ ਪੁਰਾਣੇ ਹਿੱਸੇ ਨੂੰ ਚੌੜਾ ਤੇ ਨਵਾਂ ਬਣਾਉਣ ਲਈ ਸੜਕ ਦਾ ਕੰਮ ਸ਼ੁਰੂ ਕਰਵਾਇਆ, ਜਿਸ ‘ਤੇ 15 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਵੇਗੀ।ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ-ਮਹਿਤਾ ਰੋਡ ਨੂੰ ਚਾਰ ਮਾਰਗੀ ਕਰਨ ਲਈ ਕੰਮ ਦੀ ਸ਼ੁਰੂਆਤ ਕਰਵਾਈ, ਜਿਸ ‘ਤੇ 18 ਕਰੋੜ ਰੁਪਏ ਤੋਂ ਵੱਧ ਲਾਗਤ ਆਵੇਗੀ।ਇਸ ਤੋਂ ਇਲਾਵਾ ਜੀ.ਟੀ ਰੋਡ ਬਾਈਪਾਸ ਤੋਂ ਡੇਰਾ ਬਾਬਾ ਜੈਮਲ ਸਿੰਘ ਸਠਿਆਲਾ ਬੁਤਾਲਾ ਕਰਤਾਰਪੁਰ ਸਾਹਿਬ ਰੋਡ ਦੀ ਸ਼ੁਰੂਆਤ ਵੀ ਕਰਵਾਈ, ਜਿਸ ‘ਤੇ 20 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਹੋਵੇਗੀ।
ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਨਾਗੋਕੇ ਖਡੂਰ ਸਾਹਿਬ-ਗੋਇੰਦਵਾਲ ਸਾਹਿਬ ਰੋਡ ਜੰਡਿਆਲਾ ਗੁਰੂ ਤੋਂ ਤਰਨ ਤਾਰਨ ਸੜਕ ਜੋ ਕਿ ਕੱਦਗਿੱਲ ਤੋਂ ਜੰਡਿਆਲਾ ਗੁਰੂ ਵਾਇਆ ਪੱਖੋਕੇ ਜਾਣੀਆ, ਅੰਮ੍ਰਿਤਸਰ ਜਲੰਧਰ ਸੜਕ ਮਾਨਾਂਵਾਲਾ ਤੋਂ ਦੇਵੀਦਾਸਪੁਰਾ ਤੋਂ ਗਹਿਰੀ ਮੰਡੀ ਸੜਕ ਦੀ ਅਪਗਰੇਡੀਸ਼ਨ ਅਤੇ ਹੋਰ ਵੱਡੇ ਕੰਮਾਂ ਦੀ ਸ਼ੁਰੂਆਤ ਅੱਜ ਕਰਵਾਈ।ਇਸ ਤੋਂ ਇਲਾਵਾ ਕੈਪਟਨ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਟ ਖੇਡ ਸਟੇਡੀਅਮ ਮਹਿਤਾ ਨੰਗਲ ਵਿਖੇ ਹਾਈ ਸਟਰੀਟ ਲਾਈਟਾਂ ਦਾ ਉਦਘਾਟਨ ਵੀ ਕੀਤਾ।ਮਹਿਤੇ ਤੋਂ ਉਦੋਨੰਗਲ ਮਹਿਤਾ ਨੰਗਲੀ ਸੜਕ, ਅੰਮ੍ਰਿਤਸਰ ਮਹਿਤਾ ਰੋਡ ਤੋਂ ਅੱਧੋਵਾਲੀ, ਅੰਮ੍ਰਿਤਸਰ ਮਹਿਤਾ ਰੋਡ ਤੋਂ ਮਹਿਤਾ ਬਤਾਲਾ ਰੋਡ, ਮਹਿਤਾ ਰੋਡ ਤੋਂ ਗਾਂਧੀ ਪ੍ਰਧਾਨ ਦਾ ਬਾਜ਼ਾਰ ਵਿੱਚ ਇੰਟਰਲੋਕ ਟਾਈਲਾਂ, ਮਹਿਤਾ ਖੱਬੇ ਰੋਡ ਤੋਂ ਦੀਪੂ ਦੇ ਡੇਰੇ ਤੱਕ ਦੀ ਸੜਕ, ਧਰਦਿਉ ਤੋਂ ਪਲਾਹ ਰੋਡ, ਰਾਜਧਾਨ ਪਿੰਡ ਦੀ ਸੜਕ ਦੇ ਕੰਮ ਨੂੰ ਵੀ ਸ਼ੁਰੂ ਕਰਵਾਇਆ।ਇਸ ਤੋਂ ਇਲਾਵਾ ਜੰਡਿਆਲਾ ਗੁਰੂ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਾਰਗ ਉਪਰ ਬਣੇ ਗੇਟ ਦਾ ਉਦਘਾਟਨ ਵੀ ਕੈਬਨਟ ਮੰਤਰੀ ਨੇ ਕੀਤਾ
ਵੱਖ-ਵੱਖ ਥਾਵਾਂ ‘ਤੇ ਹੋਏ ਸੰਖੇਪ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਕਾਸ ਦਾ ਨਵਾਂ ਅਧਿਆਇ ਲਿਖ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਨੂੰ ਦੇਸ਼ ਦਾ ਉਹ ਮੋਹਰੀ ਸੂਬਾ ਬਣਾਈਏ ਜੋ ਕਿ ਕਿਸੇ ਵੇਲੇ ਪੰਜਾਬ ਰਿਹਾ ਹੈ।ਉਹਨਾਂ ਕਿਹਾ ਕਿ ਦੋ ਸਾਲ ਦੇ ਸ਼ਾਸ਼ਨ ਵਿੱਚ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਨਾਲ ਨਾਲ ਬੁਨਿਆਦੀ ਢਾਂਚੇ ਅਤੇ ਰੁਜ਼ਗਾਰ ਦੇ ਮੌਕੇ ਦੇਣ ਵਿੱਚ ਵੀ ਲਾਮਿਸਾਲ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਕੰਮ ਹੋਰ ਤੇਜ਼ੀ ਨਾਲ ਹੋਣਗੇ।