Friday, July 19, 2024

ਖ਼ਾਲਸਾ ਕਾਲਜ ਵਿਖੇ ‘ਵਖਰੇਵਿਆਂ ਰਾਹੀਂ ਸਮਾਨਤਾ’ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੋਲੀਟੀਕਲ ਸਾਇੰਸ ਸੁਸਾਇਟੀ ਅਤੇ ਰੋਟਰੈਕਟ ਕਲੱਬ ਵੱਲੋਂ ਸਾਂਝੇ ਤੌਰ ’ਤੇ ‘ਵਖਰੇਵਿਆਂ ਰਾਹੀਂ ਸਮਾਨਤਾ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਇਸ ਵਿਸ਼ੇਸ਼ ਲੈਕਚਰ ’ਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਗੁਰਪ੍ਰੀਤ ਬੱਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਨ ਉਪਰੰਤ ਰੋਟਰੈਕਟ ਕਲੱਬ ਦੇ ਫੈਕਲਟੀ ਐਡਵਾਈਜ਼ਰ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਮੁੱਖ ਬੁਲਾਰੇ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਬੱਲ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨਾਂ ਨੇ ਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਗਤੀਵਿਧੀਆਂ ਦੇ ਹਰ ਖੇਤਰ ’ਚ ਲਿੰਗ ਨਿਰਪੱਖਤਾ ਨੂੰ ਉਤਸ਼ਾਹਿਤ ਕਰਨ ਵਾਲੀ ਪ੍ਰਵਿਰਤੀ ਪੈਦਾ ਕਰਨ।
ਡਾ. ਬੱਲ ਨੇ ਵਿਸ਼ਵ ਅਤੇ ਰਾਸ਼ਟਰੀ ਯਤਨਾਂ ਨੂੰ ਦਰਸਾਉਂਦੇ ਹੋਏ ਅਧਿਕਾਰਾਂ ਅਤੇ ਲਿੰਗ ਸਮਾਨਤਾ ਲਈ ਔਰਤਾਂ ਦੇ ਸੰਘਰਸ਼ ਦੀ ਸ਼ੁਰੂਆਤ ’ਤੇ ਰੌਸ਼ਨੀ ਪਾਉਂਦਿਆਂ ਵਿਭਿੰਨਤਾ ਦਾ ਜਸ਼ਨ ਮਨਾਉਣ ਦੀ ਵਕਾਲਤ ਕੀਤੀ ਭਾਵੇਂ ਇਹ ਲਿੰਗ ਸੰਚਾਲਿਤ ਹੋਵੇ ਜਾਂ ਕਿਸੇ ਹੋਰ ਸਮਾਜਿਕ ਰੂਪਾਂ ’ਤੇ ਅਧਾਰਿਤ ਹੋਵੇ।ਉਨ੍ਹਾਂ ਨਾਰੀਵਾਦ ਨੂੰ ਸਮਾਨਤਾ ਲਈ ਔਰਤਾਂ ਦੇ ਸੰਘਰਸ਼ ਵਜੋਂ ਦਰਸਾਇਆ ਜੋ ਸੁਤੰਤਰ ਭਾਰਤ ’ਚ ਉਦਾਰਵਾਦੀ ਤੋਂ ਸਮਾਜਿਕ ਅਤੇ ਉਤਰ-ਆਧੁਨਿਕਤਾਵਾਦੀ ਨਜ਼ਰੀਏ ਤੱਕ ਪਹੁੰਚਿਆ ਹੈ।ਉਨ੍ਹਾਂ ਕਿਹਾ ਕਿ ਕ੍ਰਮਵਾਰ ਸਰਕਾਰਾਂ ਦੀ ਭੂਮਿਕਾ, ਉਤਪਾਦਕ ਸ਼ਕਤੀਆਂ ਅਤੇ ਲਿੰਗ ਪੱਖਪਾਤ ਦੇ ਵਿਰੁੱਧ ਬੋਲਣ ਦੀ ਝਿਜ਼ਕ ਮੁੱਖ ਕਾਰਕ ਸਨ, ਜੋ ਇਸ ਸਮੇਂ ’ਚ ਨਾਰੀਵਾਦ ਦੇ ਵਿਖਿਆਨ ’ਤੇ ਹਾਵੀ ਸਨ।
ਪ੍ਰੋ. ਬੱਲ ਨੇ ਕੰਮ ਕਰਨ ਵਾਲੀਆਂ ਥਾਵਾਂ ਅਤੇ ਇਸ ਤੋਂ ਬਾਹਰ ਔਰਤਾਂ ਦੇ ਉਤਪੀੜਨ ਨੂੰ ਰੋਕਣ ਲਈ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਹਾਲ ਹੀ ਦੇ ਐਕਟ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ।ਉਪਰੰਤ ਵਿਦਿਆਰਥੀਆਂ ਨੇ ਇੰਟਰਐਕਟਿਵ ਸੈਸ਼ਨ ਮੌਕੇ ਕਈ ਸਵਾਲ ਮੁੱਖ ਬੁਲਾਰੇ ਨਾਲ ਕੀਤੇ, ਜਿਨ੍ਹਾਂ ਦਾ ਉਨ੍ਹਾਂ ਦੁਆਰਾ ਬਾਖੂਬੀ ਦਿੱਤਾ ਗਿਆ।ਰਾਜਨੀਤੀ ਸ਼ਾਸਤਰ ਵਿਭਾਗ ਮੁਖੀ ਜਸਪ੍ਰੀਤ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ।
ਇਸ ਮੌਕੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡਾ: ਸੁਖਜੀਤ ਸਿੰਘ, ਡਾ: ਹਰਬਿਲਾਸ ਸਿੰਘ ਰੰਧਾਵਾ, ਡਾ: ਦਵਿੰਦਰ ਕੌਰ, ਡਾ: ਸੁਖਬੀਰ ਸਿੰਘ, ਡਾ: ਜਸਵਿੰਦਰ ਕੌਰ, ਡਾ: ਬਲਜੀਤ ਸਿੰਘ, ਪ੍ਰੋ: ਸੰਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

 

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …