ਨਵੀਂ ਦਿੱਲੀ 15 ਮਾਰਚ (ਪੰਜਾਬ ਪੋਸਟ ਬਿਊਰੋ) – ਸਿੱਖ ਜਰਨੈਲਾਂ ਵਲੋਂ 15 ਮਾਰਚ 1783 ਨੂੰ ਕੀਤੀ ਗਈ ਦਿੱਲੀ ਫਤਿਹ ਨੂੰ ਸਮਰਪਿਤ ਦਿੱਲੀ ਫਤਿਹ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਵਲੋਂ ਮਨਾਇਆ ਗਿਆ। ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਦਾ ਗਾਇਨ ਕਰਕੇ ਸਿੱਖ ਇਤਿਹਾਸ ਸੰਗਤਾਂ ਸਾਹਮਣੇ ਪੇਸ਼ ਕੀਤਾ।ਭਾਈ ਵਾਹਿਗੁਰੂ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਾਈ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਬਿੱਟੂ ਅਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਸਮਾਗਮ `ਚ ਸੇਵਾ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਸੰਗਤਾਂ ਨੂੰ ਨਵੇਂ ਨਾਨਕਸ਼ਾਹੀ ਵਰ੍ਹੇ ਦੀ ਆਰੰਭਤਾ ਦੀ ਵਧਾਈ ਦਿੱਤੀ।
ਸਟੇਜ ਸਕੱਤਰ ਦੀ ਸੇਵਾ ਸੰਭਾਲਦੇ ਹੋਏ ਭਾਈ ਬੀਬਾ ਸਿੰਘ ਖਾਲਸਾ ਸਕੂਲ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਫਤਿਹ ਦਿਹਾੜੇ ਦੇ ਇਤਿਹਾਸ ਦਾ ਸੰਖੇਪ ਵੇਰਵਾ ਦਿੱਤਾ।ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਬਾਬਾ ਬਘੇਲ ਸਿੰਘ ਦੀ ਹਮੇਸ਼ਾ ਰਿਣੀ ਰਹਿਣਗੀਆਂ, ਕਿਉਂਕਿ ਬਾਬਾ ਬਘੇਲ ਸਿੰਘ ਤੇ ਸਾਥੀ ਜਰਨੈਲਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਮਹਾ ਸਿੰਘ ਸ਼ੂਕਰਚੱਕੀਆ ਅਤੇ ਬਾਬਾ ਤਾਰਾ ਸਿੰਘ ਘੇਬਾ ਦੇ ਨਾਲ ਰਲ ਕੇ ਦਿੱਲੀ ਫਤਿਹ ਕਰਕੇ ਲਾਲ ਕਿਲ੍ਹੇ ਉਤੇ ਕੇਸਰੀ ਨਿਸ਼ਾਨ ਝੁਲਾਇਆ ਸੀ।ਸਿੱਖ ਜਰਨੈਲਾਂ ਨੇ ਗੁਰੂ ਸਾਹਿਬਾਨਾਂ ਦੇ ਸਥਾਨਾਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਦੇ ਟੀਚੇ ਨੂੰ ਲੈ ਕੇ ਜਿੱਤਿਆਂ ਹੋਇਆ ਰਾਜ ਕੁਰਬਾਨ ਕਰ ਦਿੱਤਾ ਸੀ।ਅਜਿਹਾ ਹਵਾਲਾ ਕਿਤੇ ਹੋਰ ਨਹੀਂ ਮਿਲਦਾ ਕਿ ਜਿਥੇ ਫੌਜ ਵਲੋਂ ਜਿੱਤੇ ਹੋਏ ਖਿੱਤੇ ਨੂੰ ਫੌਜ ਦੇ ਜਰਨੈਲਾਂ ਨੇ ਆਪਣੇ ਧਾਰਮਿਕ ਸਥਾਨਾਂ ਦੀ ਸਥਾਪਨਾ ਲਈ ਛੱਡ ਦਿੱਤਾ ਹੋਵੇ।ਇਸ ਲਈ ਅਜਿਹਾ ਕਹਿਣਾ ਪੈਂਦਾ ਹੈ ਕਿ ਬਾਬਾ ਬਘੇਲ ਸਿੰਘ ਨਾਲ ਇਤਿਹਾਸਕਾਰਾਂ ਨੇ ਇਨਸਾਫ਼ ਨਹੀਂ ਕੀਤਾ।
ਜੇਕਰ ਅਸੀਂ ਅੱਜ ਦਿੱਲੀ `ਚ ਇਤਿਹਾਸਕ ਗੁਰਧਾਮਾਂ ਦਰਸ਼ਨ ਕਰ ਰਹੇ ਹਾਂ, ਤਾਂ ਉਸ ਪਿੱਛੇ ਬਾਬਾ ਬਘੇਲ ਸਿੰਘ ਦੀ ਫੌਜੀ ਤਾਕਤ, ਸਿਆਸੀ ਤੇ ਧਾਰਮਿਕ ਸੋਚ ਅਤੇ ਉਨ੍ਹਾਂ ਨੂੰ ਕੂਟਨੀਤੀ ਦਾ ਗਿਆਨ ਅਹਿਮ ਸੀ।ਦਿੱਲੀ ਦੇ 7 ਇਤਿਹਾਸਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਸਿਰਫ਼ 9 ਮਹੀਨੇ ਦੇ ਅੰਦਰ ਹੋਈ ਸੀ।
ਇਸ ਮੌਕੇ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜਥੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …