Thursday, July 18, 2024

ਘਾਟੇ ਵਾਲਾ ਸੌਦਾ–?

“ਛਾਣ ਬਰਾ ਵੇਚ ਟੁੱਟਾ ਭੱਜਾ ਲੋਹਾ ਪੁਰਾਣਾ ਵੇਚ, ਰੱਦੀ ਵੇਚ ਖਾਲੀ ਬੋਤਲਾਂ ਵੇਚ —–“।ਜਦ ਫੇਰੀ ਵਾਲੇ ਭਾਈ ਦੇ ਇਹ ਬੋਲ ਸੁੱਖੇ ਦੀ ਬੀਬੀ ਨੇ ਸੁਣੇ ਤਾਂ ਉਸ ਨੇ ਸੁੱਖੇ ਨੂੰ ਕਿਹਾ “ਭਾਈ ਨੂੰ ਰੋਕ ਕੇ ਕਹਿ ਸਾਡੇ ਘਰੋਂ ਖਾਲੀ ਬੋਤਲਾਂ ਲੈ ਜਾ—। ਸੁੱਖਾ ਤੇ ਸੁੱਖੇ ਦੀ ਬੀਬੀ ਨੇ ਦੇਖਦਿਆਂ-ਦੇਖਦਿਆਂ ਘਰ ਦੇ ਮੁੱਖ ਗੇਟ ਦੇ ਬਾਹਰ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦੀ ਢੇਰੀ ਲਾ ਦਿੱਤੀ।ਫੇਰੀ ਵਾਲੇ ਭਾਈ ਨੇ ਖ਼ਾਲੀ ਬੋਤਲਾਂ ਦਾ ਰੇਟ ਮੁਕਾ ਕੇ ਬੋਤਲਾਂ ਦੀ ਗਿਣਤੀ ਸ਼ੁਰੂ ਕੀਤੀ। ਬੋਤਲਾਂ ਦੀ ਗਿਣਤੀ ਕਰਕੇ ਉਹ ਸੱਤ ਅੱਠ ਸਾਲ ਦੇ ਸੁੱਖੇ ਨੂੰ ਦਸਾਂ-ਦਸਾਂ ਦੇ ਨੋਟ ਦੇਣ ਹੀ ਲੱਗਾ ਸੀ ਕਿ ਸੁੱਖੇ ਦੇ ਗੁਆਂਢੀਆਂ ਦਾ ਮੁੰਡਾ ਵੀ ਵੇਖੋ ਵੇਖੀ ਆਪਣੇ ਘਰੋਂ ਸ਼ਰਬਤ ਦੀਆਂ ਖ਼ਾਲੀ ਬੋਤਲਾਂ ਵੇਚਣ ਲਈ ਭਾਈ ਕੋਲ ਲੈ ਆਇਆ।ਭਾਈ ਨੇ ਝੱਟ ਆਪਣੀ ਪਤੂਈ ਦੀ ਜੇਬ੍ਹ ਵਿਚੋਂ ਇਕ-ਇਕ ਰੁਪਏ ਦੇ ਦੋ ਚਾਰ ਸਿੱਕੇ ਕੱਢ ਕੇ ਉਸ ਮੁੰਡੇ ਦੀ ਹਥੇਲੀ ਤੇ ਰੱਖ ਦਿੱਤੇ।ਸੁੱਖੇ ਅਤੇ ਸੁੱਖੇ ਦੀ ਬੀਬੀ ਨੂੰ ਦਸਾਂ-ਦਸਾਂ ਦੇ ਨੋਟ ਗਿਣਦਿਆਂ ਤੱਕ ਭੋਲ਼ਾ ਮੁੰਡਾ ਆਪਣੇ ਹੱਥ ਚ ਸਿੱਕਿਆਂ ਨੂੰ ਫੜੀ ਹੌਲੀ ਹੌਲੀ ਘਰ ਨੂੰ ਆਉਂਦਾ ਦੁਨੀਆਂਦਾਰੀ ਤੋਂ ਅਣਜਾਣ ਸ਼ਾਇਦ ਇਹ ਸੋਚ ਰਿਹਾ ਸੀ ਕਿ ਉਸਦੇ ਘਰਦਿਆਂ ਨੇ ਗਵਾਂਢੀਆਂ ਦੇ ਮੁਕਾਬਲੇ ਕੋਈ ਘਾਟੇ ਵਾਲਾ ਸੌਦਾ ਕੀਤਾ ਹੋਵੇ—–।
ਕਹਾਣੀ 2303202401

ਸੁਖਬੀਰ ਸਿੰਘ ਖੁਰਮਣੀਆਂ
ਪੈਰਾਡਾਈਜ਼ 2, ਛੇਹਰਟਾ,
ਅੰਮ੍ਰਿਤਸਰ 9855512677

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …