Monday, July 8, 2024

ਸਲਾਈਟ ਵਿਖੇ ਵਿਸ਼ਵ ਜਲ ਦਿਵਸ ਮਨਾਇਆ

ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ) ਦੇ ਸਹਿਯੋਗ ਨਾਲ `ਸ਼ਾਂਤੀ ਲਈ ਪਾਣੀ` ਵਿਸ਼ੇ ਹੇਠ ਸਲਾਈਟ ਲੌਂਗੋਵਾਲ ਵਿਖੇ `ਵਿਸ਼ਵ ਜਲ ਦਿਵਸ` ਮਨਾਇਆ ਗਿਆ।ਸਮਾਗਮ ਵਿੱਚ ਉੱਘੇ ਅਕਾਦਮਿਕ ਪ੍ਰੋਫੈਸਰ ਤਾਰਾ ਸਿੰਘ ਕਮਲ, ਐਫ.ਆਈ.ਈ ਅਤੇ ਇੰਸਟੀਚਿਊਸ਼ਨ ਆਫ਼ ਇੰਜਨੀਅਰਜ਼ (ਇੰਡੀਆ) ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਸ਼ਾਮਲ ਹੋਏ।ਸੁਖਬੀਰ ਸਿੰਘ ਮੁੰਡੀ ਐਫ.ਆਈ.ਈ ਵਾਈਸ ਪ੍ਰੈਜ਼ੀਡੈਂਟ (ਆਈ.ਈ.ਆਈ) ਅਤੇ ਕਾਰਜ਼ਕਾਰੀ ਇੰਜ਼ੀਨੀਅਰ (ਸੇਵਾਮੁਕਤ) ਸਿੰਚਾਈ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦੀ ਪ੍ਰਧਾਨਗੀ ਸਲਾਈਟ ਲੌਂਗੋਵਾਲ ਦੇ ਡਾਇਰੈਕਟਰ, ਪ੍ਰੋ. (ਡਾ.) ਮਨੀ ਕਾਂਤ ਪਾਸਵਾਨ ਨੇ ਕੀਤੀ, ਜੋ ਖੁਦ ਇੱਕ ਉਘੇ ਇੰਜੀਨੀਅਰ ਅਤੇ ਯੋਗ ਪ੍ਰਸ਼ਾਸ਼ਕ ਹਨ।ਮੁੱਖ ਮਹਿਮਾਨ ਪ੍ਰੋ: (ਡਾ.) ਤਾਰਾ ਸਿੰਘ ਕਮਲ ਨੇ ਵਿਸ਼ੇ ਦੀ ਵਿਸ਼ਵ ਲਈ ਪ੍ਰਸੰਗਿਕਤਾ ਨੂੰ ਬਿਆਨ ਕੀਤਾ ਅਤੇ ਮਨੁੱਖਤਾ ਤੇ ਕੁਦਰਤ ਦੀ ਭਲਾਈ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰੀ ਏਜੰਸੀਆਂ, ਗੈਰ ਸਰਕਾਰੀ ਸੰਸਥਾਵਾਂ, ਨਿੱਜੀ ਖੇਤਰ, ਤਕਨੀਕੀ ਸੰਸਥਾਵਾਂ ਅਤੇ ਸਮਾਜ ਦੇ ਸਹਿਯੋਗੀ ਯਤਨਾਂ ‘ਤੇ ਜ਼ੋਰ ਦਿੱਤਾ।ਗੈਸਟ ਆਫ ਆਨਰ ਐਸ.ਐਸ ਮੁੰਡੀ ਨੇ ਖੇਤੀਬਾੜੀ ਉਦਸ਼ਾਂ ਲਈ ਨਹਿਰੀ ਪਾਣੀਆਂ ਦੇ ਪ੍ਰਬੰਧਨ ਵਿੱਚ ਪੰਜਾਬ ਸਿੰਚਾਈ ਵਿਭਾਗ ਦੇ ਯਤਨਾਂ ਨੂੰ ਉਜਾਗਰ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. (ਡਾ.) ਮਣੀਕਾਂਤ ਪਾਸਵਾਨ ਨੇ ਭਾਰਤ ਨੂੰ ਇਤਿਹਾਸਕ ਤੌਰ `ਤੇ ਦਰਪੇਸ਼ ਪਾਣੀ ਦੀਆਂ ਚੁਣੌਤੀਆਂ ਦਾ ਵੇਰਵਾ ਦਿੱਤਾ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਵੱਖ-ਵੱਖ ਤਰੀਕਿਆਂ ਅਤੇ ਭਰੋਸੇਯੋਗ ਤਕਨੀਕਾਂ ‘ਤੇ ਜ਼ੋਰ ਦਿੱਤਾ।ਡਾ: ਲਾਭ ਸਿੰਘ ਐਫ.ਆਈ.ਈ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ, ਆਈ.ਈ.ਆਈ ਦੇ ਚੇਅਰਮੈਨ ਅਤੇ ਸਾਬਕਾ ਸਲਾਹਕਾਰ (ਐਕਸ-ਆਫੀਸ਼ੀਓ ਐਡੀਸ਼ਨਲ ਸੈਕਟਰੀ (ਭਾਰਤ ਸਰਕਾਰ) ਟੈਲੀਕਾਮ ਵਿਭਾਗ ਨੇ ਪਤਵੰਤਿਆਂ, ਫੈਕਲਟੀ, ਸਟਾਫ਼, ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਜਲ ਤਕਨਾਲੋਜੀ ਵਿੱਚ ਸਥਿਰਤਾ ਪ੍ਰਾਪਤ ਕਰਨ ਵਿੱਚ ਦੂਰਸੰਚਾਰ ਐਪਲੀਕੇਸ਼ਨਾਂ ਦੀ ਭੂਮਿਕਾ ਨੂੰ ਉਜ਼ਾਗਰ ਕੀਤਾ।
ਮੁਖ ਬੁਲਾਰੇ ਪ੍ਰੋ. (ਡਾ.) ਧੀਰਜ ਸੂਦ ਜੋ ਕਿ ਸਲਾਈਟ ਲੌਂਗੋਵਾਲ ਦੇ ਰਸਾਇਣ ਵਿਗਿਆਨ ਵਿਭਾਗ ਦੇ ਪ੍ਰਸਿੱਧ ਵਿਗਿਆਨੀ ਹਨ, ਨੇ ਪਾਣੀ ਦੀ ਉਪਲੱਬਧਤਾ, ਘਾਟ, ਉਦਯੋਗਿਕ ਅਤੇ ਖੇਤੀਬਾੜੀ ਨਾਲ ਸਬੰਧਤ ਪਾਣੀ ਦੇ ਮੁੱਦਿਆਂ ਦੇ ਨਾਲ-ਨਾਲ ਉਭਰ ਰਹੇ ਪ੍ਰਦੂਸ਼ਕਾਂ ਅਤੇ ਸਬੰਧਿਤ ਸਿਹਤ ਚਿੰਤਾਵਾਂ ਨੂੰ ਸੰਬੋਧਿਤ ਕੀਤਾ।ਡਾ. ਏ.ਪੀ ਸਿੰਘ ਫਰਵਾਹਾ, ਪ੍ਰੋਫ਼ੈਸਰ ਈ.ਸੀ.ਈ ਐਸ.ਐਲ.ਆਈ.ਈ.ਟੀ ਨੇ ਵਾਟਰ ਮੈਨੇਜਮੈਂਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਇਸ ਦੇ ਵਿਹਾਰਕ ਉਪਯੋਗਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਇੰਟਰਨੈਟ ਆਫ਼ ਥਿੰਗਜ਼ ਤਕਨਾਲੋਜੀ ਵੀ ਸ਼ਾਮਲ ਹੈ। ਪ੍ਰੋ. (ਡਾ.) ਰਾਜੇਸ਼ ਕੁਮਾਰ ਡੀਨ (ਵਿਦਿਆਰਥੀ ਭਲਾਈ ਐਸ.ਐਲ.ਆਈ.ਈ.ਟੀ) ਨੇ ਪਾਣੀ ਨਾਲ ਸਬੰਧਤ ਮੁੱਦਿਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਐਸ.ਐਲ.ਆਈ.ਈ.ਟੀ ਦੇ ਯਤਨਾਂ ਨੂੰ ਉਜ਼ਾਗਰ ਕੀਤਾ।
ਸਮਾਗਮ ਦੀ ਸਮਾਪਤੀ ਸਵਿੰਦਰ ਸਿੰਘ ਐਫ.ਆਈ.ਈ ਅਤੇ ਸਕੱਤਰ ਆਈ.ਈ.ਆਈ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਸਾਰੇ ਪਤਵੰਤਿਆਂ, ਫੈਕਲਟੀ, ਵਿਦਿਆਰਥੀਆਂ, ਮਹਿਮਾਨਾਂ, ਪ੍ਰੈਸ ਅਤੇ ਮੀਡੀਆ ਦੇ ਨਾਲ-ਨਾਲ ਸਲਾਈਟ ਪ੍ਰਸ਼ਾਸ਼ਨ ਤੇ ਇਸਦੇ ਡਾਇਰੈਕਟਰ ਦਾ ਧੰਨਵਾਦ ਕੀਤਾ।ਡਾ. ਜੇ.ਐਸ ਉਭੀ ਪ੍ਰੋਫੈਸਰ (ਈ.ਸੀ.ਈ.) ਅਤੇ ਡਾ: ਗੁਲਸ਼ਨ ਜਾਵਾ (ਕੈਮੀਕਲ ਇੰਜੀਨੀਅਰਿੰਗ) ਅਤੇ ਵਿਦਿਆਰਥੀ ਕੋਆਰਡੀਨੇਟਰ ਰੋਹਿਤ ਰਾਜ, ਸਾਕਸ਼ੀ ਪ੍ਰਿਆ, ਸੌਮਿਆ ਅਤੇ ਕਿਸ਼ਨ ਸਮੇਤ ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਦੀ ਵੀ ਪ੍ਰਸ਼ੰਸਾ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …