Monday, July 1, 2024

ਖੜੀ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸਾਵਧਾਨ ਰਹਿਣ ਕਿਸਾਨ – ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਣਕ ਦੀ ਫਸਲ ਪੱਕਣ ਕਿਨਾਰੇ ਹੈ ਅਤੇ ਕੁੱਝ ਹੀ ਦਿਨਾਂ ਵਿੱਚ ਕਣਕ ਦੀ ਵਾਢੀ ਜ਼ੋਰਾਂ ‘ਤੇ ਹੋਵੇਗੀ।ਉਹਨਾਂ ਕਣਕ ਦੀ ਖੜੀ ਫਸਲ ਨੂੰ ਅੱਗ ਲੱਗਣ ਤੋਂ ਬਚਾਅ ਲਈ ਸੁਝਾਅ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੇ ਖੇਤਾਂ ਨੇੜੇ ਅੱਗ ਲੱਗਣ ਦੇ ਕਾਰਨਾਂ ਤੋਂ ਸਾਵਧਾਨ ਰਿਹਾ ਜਾਵੇ।ਖੇਤਾਂ ਕਿਨਾਰੇ ਰੂੜੀ ਆਦਿ ਦੇ ਢੇਰਾਂ ਅਤੇ ਹੋਰ ਘਾਹ ਫੂਸ ਨੂੰ ਅੱਗ ਨਾ ਲਗਾਈ ਜਾਵੇ ਅਤੇ ਵਾਢੀ ਕਰਦੇ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਿਅਕਤੀ ਸਿਗਰਟ ਬੀੜੀ ਆਦਿ ਦੀ ਵਰਤੋਂ ਨਾ ਕਰੇ।ਕਿਸਾਨਾਂ ਨੂੰ ਖੇਤਾਂ ਵਿੱਚ ਬਣੇ ਟਿਊਬਵੈਲ ਦੇ ਚੁਬੱਚੇ ਆਦਿ ਪਾਣੀ ਨਾਲ ਭਰ ਕੇ ਰੱਖਣੇ ਚਾਹੀਦੇ ਹਨ ਅਤੇ ਜੇਕਰ ਸੰਭਵ ਹੋਵੇ ਤਾਂ ਖਾਲਾਂ ਵਿੱਚ ਪਾਣੀ ਖੜਾ ਰੱਖਿਆ ਜਾਵੇ।ਜਿੰਨਾਂ ਕਿਸਾਨਾਂ ਕੋਲ ਟਰੈਕਟਰ ਓਪਰੇਟਡ ਸਪਰੇਅ ਪੰਪ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਪੰਪਾਂ ਨੂੰ ਪਾਣੀ ਨਾਲ ਭਰ ਕੇ ਰੱਖ ਲਿਆ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਸਮੇਂ ਇਸ ਨੂੰ ਅੱਗ ਬੁਝਾਉਣ ਲਈ ਵਰਤਿਆ ਜਾ ਸਕੇ।
ਖੇਤੀ ਮਸ਼ੀਨਰੀ ਆਦਿ ਵਿੱਚ ਪੁਰਜਿਆਂ ਦੀ ਰਗੜ ਤੋਂ ਪੈਦਾ ਹੋਣ ਵਾਲੀ ਅੱਗ ਤੋਂ ਬਚਣ ਲਈ ਖੇਤੀ ਮਸ਼ੀਨਰੀ ਨੂੰ ਗਰੀਸ ਕਰ ਲਿਆ ਜਾਵੇ।ਕਣਕ ਦੀ ਵਾਢੀ ਕੇਵਲ ਪੂਰਾ ਪੱਕਣ ‘ਤੇ ਹੀ ਕੀਤੀ ਜਾਵੇ, ਰਾਤ ਸਮੇਂ ਅਤੇ ਨਮੀ ਵਾਲੀ ਫਸਲ ਦੀ ਵਾਢੀ ਨਾ ਕੀਤੀ ਜਾਵੇ।ਖੇਤਾਂ ਵਿਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਬਿਜਲੀ ਵਿਭਾਗ ਨਾਲ ਤਾਲਮੇਲ ਕਰਕੇ ਸਮੇਂ ਸਿਰ ਕਸਾ ਲਿਆ ਜਾਵੇ।ਟਰਾਂਸਫਾਰਮਰ ਹੇਠਾਂ ਖੜੀ ਫਸਲ ਨੂੰ ਘੱਟੋ-ਘੱਟ ਇੱਕ ਮਰਲਾ ਕੱਟ ਲਿਆ ਜਾਵੇ ਤਾਂ ਜੋ ਸਪਾਰਕਿੰਗ ਆਦਿ ਤੋਂ ਹੋਣ ਵਾਲੀ ਅੱਗ ਤੋਂ ਕਣਕ ਨੂੰ ਬਚਾਇਆ ਜਾ ਸਕੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …