Friday, October 18, 2024

ਮਾਨਸੂਨ ਸੀਜਨ ਦੌਰਾਨ ਵਿਭਾਗਾਂ ਨੇ ਅੰਮ੍ਰਿਤਸਰ ਜਿਲ੍ਹੇ ‘ਚ ਲਾਉਣ ਲਈ ਮੰਗੇ 13 ਲੱਖ ਬੂਟੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਰਾਜ ਸਰਕਾਰ ਵਲੋਂ ਚਾਲੂ ਵਿੱਤੀ ਸਾਲ ਦੌਰਾਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਮਾਨਸੂਨ ਸੀਜ਼ਨ ਦੌਰਾਨ ਸੂਬੇ ਭਰ ਵਿੱਚ ਜੋ 2.5 ਕਰੋੜ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਅੰਮ੍ਰਿਤਸਰ ਜਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਨੇ 13 ਲੱਖ ਤੋਂ ਵੱਧ ਬੂਟਿਆਂ ਦੀ ਮੰਗ ਕੀਤੀ ਹੈ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਸਬੰਧੀ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਇਸ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਦੱਸਿਆ ਕਿ ਹੁਣ ਤੱਕ ਸਵਾ ਦੋ ਲੱਖ ਦੇ ਕਰੀਬ ਬੂਟੇ ਵਿਭਾਗਾਂ ਵਲੋਂ ਲਗਾਏ ਜਾ ਚੁੱਕੇ ਹਨ।ਉਨਾਂ ਹਦਾਇਤ ਕੀਤੀ ਕਿ ਛੇਤੀ ਹੀ ਰਹਿੰਦੇ ਟੀਚੇ ਨੂੰ ਪੂਰਾ ਕੀਤਾ ਜਾਵੇ।ਉਨਾਂ ਜੰਗਲਾਤ ਵਿਭਾਗ ਨੂੰ ਆਪਣੀਆਂ ਨਰਸਰੀਆਂ ਤੋਂ ਇਹ ਸਪਲਾਈ ਨਿਰੰਤਰ ਜਾਰੀ ਰਹਿਣ ਦੀ ਹਦਾਇਤ ਕਰਦੇ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਖਾਲੀ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਬੂਟੇ ਮੁਹੱਈਆ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਪੰਜਾਬ ਵਿੱਚ ਵਣਾਂ ਹੇਠ ਰਕਬਾ ਘਟ ਕੇ 5.92 ਫੀਸਦੀ ਰਹਿ ਗਿਆ ਹੈ ਅਤੇ ਵਾਤਾਵਰਣ ਨੂੰ ਸੁਧਾਰਨ ਲਈ ਰਾਜ ਦਾ ਰੁੱਖਾਂ ਅਤੇ ਵਣਾਂ ਹੇਠ ਰਕਬਾ 2030 ਤੱਕ 7.5 ਫੀਸਦੀ ਕਰਨ ਲਈ ਸਰਕਾਰ ਵਲੋਂ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ।ਉਨਾਂ ਦੱਸਿਆ ਕਿ ਵਣ ਭੂਮੀ ਤੋਂ ਇਲਾਵਾ ਗੈਰ ਵਣ ਭੂਮੀ ‘ਤੇ ਵੀ ਵੱਡੇ ਪੱਧਰ ‘ਤੇ ਬੂਟੇ ਲਗਾਏ ਜਾਣਗੇ ਅਤੇ ਇਸ ਕੰਮ ਲਈ ਪੰਚਾਇਤੀ ਰਕਬਿਆਂ ਦੀ ਮੁੱਖ ਭੂਮਿਕਾ ਹੋਵੇਗੀ।ਉਨਾਂ ਇਹ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਪੰਚਾਇਤਾਂ ਵਲੋਂ ਰਕਬੇ ਤੋਂ ਕੱਟੇ ਗਏ ਰੁੱਖਾਂ ਤੋਂ ਹੋਈ ਆਮਦਨ ਪੂਰੀ ਤਰ੍ਹਾਂ ਹੱਕਦਾਰ ਪੰਚਾਇਤਾਂ ਹੀ ਹੋਣਗੀਆਂ।ਇਸੇ ਤਰ੍ਹਾਂ ਹੀ ਸਕੂਲਾਂ ਵਿੱਚ ਲਗਾਏ ਗਏ ਬੂਟਿਆਂ ਨੂੰ ਲੋੜ ਪੈਣ ‘ਤੇ ਸਕੂਲੀ ਵਿਭਾਗ ਵਲੋਂ ਕੱਟਿਆ ਜਾ ਸਕੇਗਾ ਅਤੇ ਇਸ ਸਬੰਧੀ ਵੀ ਐਨ.ਓ.ਸੀ ਵਣ ਵਿਭਾਗ ਤੋਂ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।
ਥੋਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ, ਪਰ ਵਿਭਾਗਾਂ ਨੇ ਇਸ ਤੋਂ ਵੱਧ ਦੀ ਮੰਗ ਕੀਤੀ ਹੈ।ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜਿਲ੍ਹੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਸ ਸਬੰਧੀ ਬੱਚਿਆਂ, ਫੌਜ, ਪੁਲਿਸ, ਬੀ.ਐਸ.ਐਫ ਅਤੇ ਹੋਰ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾਵੇ।ਉਨਾਂ ਕਿਹਾ ਕਿ ਸਮੂਹ ਵਿਭਾਗ ਆਪਣੀਆਂ ਖਾਲੀ ਪਈਆਂ ਥਾਵਾਂ ‘ਤੇ ਬੂਟੇ ਲਗਾਉਣ ਲਈ ਨਿਸ਼ਾਨਦੇਹੀ ਕਰਨ ਅਤੇ ਆਪਣੀ ਜ਼ਰੂਰਤ ਅਨੁਸਾਰ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ।
ਇਸ ਮੀਟਿੰਗ ਵਿੱਚ ਐਸ.ਡੀ.ਐਮ ਲਾਲ ਵਿਸ਼ਵਾਸ਼, ਮਨਕੰਵਲ ਸਿੰਘ ਚਾਹਲ, ਰਵਿੰਦਰ ਸਿੰਘ ਅਰੋੜਾ, ਸਿਵਲ ਸਰਜਨ ਡਾ. ਸੁਮਿਤ ਸਿੰਘ, ਐਕਸੀਅਨ ਨਹਿਰੀ ਵਿਭਾਗ ਕੁਲਵਿੰਦਰ ਸਿੰਘ, ਜਿਲ੍ਹਾ ਜੰਗਲਾਤ ਅਫ਼ਸਰ ਅਮਨੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …