ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅੰਮ੍ਰਿਤਸਰ ਲਈ ਵਿਸ਼ੇਸ਼ ਪੈਕੇਜ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਣ ਦੀ ਮੰਗ ਕੀਤੀ ਹੈ।ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ ਅਤੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮੰਚ ਵੱਲੋਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਵਿੱਖੀ ਵਿਕਾਸ ਨੂੰ ਮੁੱਖ ਰੱਖ ਕੇ ਗੁਰੂ ਨਗਰੀ ਅੰਮ੍ਰਿਤਸਰ ਲਈ ਵਿਸ਼ੇਸ਼ ਆਰਥਿਕ ਪੈਕੇਜ਼ ਦੇਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾਵੇ।
ਮੰਚ ਆਗੂਆਂ ਨੇ ਔਜਲਾ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਿ ਕੇਂਦਰੀ ਬਜ਼ਟ ਵਿੱਚ ਪੂਰੇ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ।ਪਾਰਲੀਮੈਂਟ ਵਿੱਚ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਕਿ ਜਿਸ ਤਰ੍ਹਾਂ ਹਿੰਦੂ ਭਾਈਚਾਰੇ ਲਈ ਕਾਂਸ਼ੀ, ਅਯੋਧਿਆ, ਮੁਸਲਮਾਨ ਭਾਈਚਾਰੇ ਲਈ ਮੱਕਾ, ਈਸਾਈਆਂ ਲਈ ਵੈਟੀਕਨ ਅਤੇ ਯਹੂਦੀਆਂ ਲਈ ਯੂਰੋਸ਼ਲਮ ਕੇਂਦਰੀ ਧਾਰਮਿਕ ਅਸਥਾਨ ਹਨ, ਉਸੇ ਤਰ੍ਹਾਂ ਸਿੱਖ ਧਰਮ ਦਾ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਹੈ।ਸਿੱਖ ਕੌਮ ਦੇ ਇਸ ਪਾਕਿ ਪਵਿੱਤਰ ਸ਼ਹਿਰ ਨੂੰ ਵਿਸ਼ਵ ਪੱਧਰ ‘ਤੇ ਵਿਕਸਿਤ ਕਰਨ ਅਤੇ ਇਸ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਸੁਰੱਖਿਅਤ ਬਣਾਉਣ ਲਈ ਅੰਮ੍ਰਿਤਸਰ ਨੂੰ ਵਿਸ਼ੇਸ਼ ਆਰਥਿਕ ਪੈਕੇਜ਼ ਦੀ ਬਹੁਤ ਲੋੜ ਹੈ।ਮੰਚ ਆਗੂਆਂ ਦੀ ਮੰਗ ਹੈ ਕਿ ਅੰਮ੍ਰਿਤਸਰ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਵਿਸ਼ੇਸ਼ ਟੈਕਸ ਰਿਆਇਤਾਂ ਦਿੱਤੀਆਂ ਜਾਣ।ਅੰਮ੍ਰਿਤਸਰ ਦੇ ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਆਰਥਿਕ ਪੈਕੇਜ਼ ਦਿੱਤਾ ਜਾਵੇ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਹਿਮਤ ਕੀਤਾ ਜਾਵੇ ਕਿ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਦਾ ਪਾਕਿਸਤਾਨ, ਅਫ਼ਗਾਨਿਸਤਾਨ ਤੇ ਹੋਰ ਮੱਧ ਪੂਰਬੀ ਦੇਸ਼ਾਂ ਨਾਲ ਵਪਾਰ ਮੁੜ ਸ਼ੁਰੂ ਕੀਤਾ ਜਾਵੇ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …