Sunday, December 22, 2024

ਤੀਸਰਾ ਸੁਰ ਉਤਸਵ 2024 – ਅਠਵਾਂ ਦਿਨ ਪ੍ਰਸਿੱਧ ਗਾਇਕ ਸਵ: ਜਨਾਬ ਮੁਹੰਮਦ ਰਫ਼ੀ ਨੂੰ ਸਮਰਪਿਤ

ਅੰਮ੍ਰਿਤਸਰ, 28 ਜੁਲਾਈ ( ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਅਠਵੇਂ ਅਤੇ ਆਖਰੀ ਦਿਨ ਮੁੱਖ ਮਹਿਮਾਨ ਪੀ.ਸੀ.ਐਸ ਆਫਿਸਰ ਖਹਿਰਾ ਸਾਹਿਬ ਅਤੇ ਰਮਨ ਬਖ਼ਸ਼ੀ ਸਾਬਕਾ ਡਿਪਟੀ ਮੇਅਰ ਨੇ ਸ਼ਿਰਕਤ ਕੀਤੀ।ਸੁਰ ਉਤਸਵ ਦੇ ਅੱਜ ਅਠਵੇਂ ਦਿਨ ਭਾਰਤ ਦੇ ਮਹਾਨ ਤੇ ਪ੍ਰਸਿੱਧ ਗਾਇਕ ਸਵ: ਜਨਾਬ ਮੁਹੰਮਦ ਰਫ਼ੀ ਸਾਹਿਬ ਨੂੰ ਸਮਰਪਿਤ ਕੀਤਾ ਗਿਆ।ਪ੍ਰੋਗਰਾਮ ਦੇ ਸੰਚਾਲਕ ਗਾਇਕ ਹਰਿੰਦਰ ਸੋਹਲ ਨੇ ਰਫ਼ੀ ਸਾਹਿਬ ਦੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਵੇਰਵਾ ਦਰਸ਼ਕਾਂ ਨਾਲ ਸਾਂਝਾ ਕੀਤਾ।ਉਨ੍ਹਾਂ ਨੇ ਕਿਹਾ ਕਿ ਰਫ਼ੀ ਸਾਹਿਬ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।ਰਫ਼ੀ ਸਾਹਿਬ ਬਾਲੀਵੁਡ ਹੀ ਨਹੀਂ ਪੂਰੀ ਦੁਨੀਆ ਦੇ ਬਹੁਤ ਹੀ ਮਸ਼ਹੂਰ ਗਾਇਕ ਸਨ।ਉਨਾਂ ਦੁਆਰਾ ਗਾਏ ਗੀਤ ਅੱਜ ਵੀ ਬਹੁਤ ਖੂਬ ਪਸੰਦ ਕੀਤੇ ਜਾਂਦੇ ਹਨ।ਇਸ ਸੰਗੀਤਮਈ ਸ਼ਾਮ ਦੇ ਆਖ਼ਰੀ ਦਿਨ ਮੁਹੰਮਦ ਰਫ਼ੀ ਸਾਹਿਬ ਦੇ ਗੀਤ ਗਾਇਕ ਹਰਿੰਦਰ ਸੋਹਲ ਨੇ ਪੇਸ਼ ਕੀਤੇ।ਪੰਜਾਬ ਦੇ ਪ੍ਰਸਿੱਧ ਸੰਗੀਤਕਾਰ ਦੇਵੀ ਸ਼ਰਮਾ ਨੂੰ ਇਸ ਸਾਲ ਦਾ ਰਫ਼ੀ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਸੁਰ ਉਤਸਵ ਦੇ ਮੁੱਖ ਮਹਿਮਾਨ ਰਮਨ ਬਖ਼ਸ਼ੀ ਅਤੇ ਖ਼ਹਿਰਾ ਸਾਹਿਬ ਨੇ ਯੂ.ਐਨ ਐਂਟਰਟੇਨਮੈਂਟ ਵਲੋਂ ਪ੍ਰੋਗਰਾਮ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਰਾਣਾ ਪ੍ਰਤਾਪ ਸ਼ਰਮਾ, ਗੁਰਪ੍ਰੀਤ ਸਿੰਘ, ਜਗਦੀਪ ਹੀਰ, ਮਨਪ੍ਰੀਤ ਸੋਹਲ, ਸਾਵਨ ਵੇਰਕਾ, ਗੋਬਿੰਦ ਕੁਮਾਰ, ਉਪਾਸਨਾ ਭਾਰਦਵਾਜ, ਬਿਕਰਮ ਸਿੰਘ, ਸਾਉਂਡ ਆਪਰੇਟਰ ਰਘੂ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਮੰਚ ਸੰਚਾਲਨ ਉਪਾਸਨਾ ਭਾਰਦਵਾਜ ਨੇ ਕੀਤਾ।
ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ.ਐਸ ਰਾਜਾ, ਅਦਾਕਾਰ ਗੁਰਤੇਜ ਮਾਨ, ਪੂਜਾ ਸ਼ਰਮਾ ਅਤੇ ਗੁਰਦੇਵ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …