Sunday, December 22, 2024

ਕਵਿਤਾ ਰਚਨਾ ਮੁਕਾਬਲੇ ‘ਚ ਸਰਕਾਰੀ ਸਕੂਲ ਮਮੂਨ ਦੀ ਸਵਿੱਤਰੀ ਦਾ ਪਹਿਲਾ ਸਥਾਨ

ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵਲੋਂ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਸਥਾਨਕ ਐਸ.ਐਮ.ਡੀ.ਆਰ.ਐਸ.ਡੀ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਏ ਗਏ, ਜਿਸ ਵਿੱਚ ਜ਼ਿਲ੍ਹਾ ਭਰ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਪਠਾਨਕੋਟ ਡਾ. ਸੁਰੇਸ਼ ਮਹਿਤਾ ਦੀ ਅਗਵਾਈ ‘ਚ ਹੋਏ ਸਮਾਗਮ ਵਿੱਚ ਕਵਿਤਾ ਰਚਨਾ, ਕਹਾਣੀ ਰਚਨਾ, ਲੇਖ ਰਚਨਾ ਤੇ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਰਚਨਾਤਮਿਕਤਾ ਤੇ ਸਿਰਜਣਾਤਮਕਤਾ ਨੂੰ ਜੱਜਾਂ ਵਲੋਂ ਪਰਖਿਆ ਗਿਆ।ਕਮਾਲ ਦੀ ਗੱਲ ਇਹ ਰਹੀ ਕਿ ਹਰ ਮੁਕਾਬਲੇ ਵਿੱਚ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਵੱਲੋਂ ਕਮਾਲ ਕਰ ਦਿਖਾਇਆ।
ਕਾਲਜ ਦੇ ਪ੍ਰਿੰਸੀਪਲ ਡਾ. ਮੀਨਾਕਸ਼ੀ ਵਿੱਗ ਨੇ ਆਏ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਨੰ ‘ਜੀ ਆਇਆ’ ਕਿਹਾ।ਵਾਇਸ ਪ੍ਰਿੰਸੀਪਲ ਪ੍ਰੋ. ਸੁਸ਼ਮਾ ਵਲੋਂ ਵੀ ਵਿਭਾਗ ਦੇ ਉਪਰਾਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਜੱਜਾਂ ਦੀ ਭੂਮਿਕਾ ਸ਼ਾਇਰ ਦਵਿੰਦਰ ਅੱਤਰੀ, ਡਾ. ਸੰਦੀਪ ਕੌਰ, ਡਾ. ਪਵਨ ਕੁਮਾਰ ਤੇ ਪ੍ਰੋ. ਪੂਜਾ ਵਲੋਂ ਨਿਭਾਈ ਗਈ, ਜਦਕਿ ਮੰਚ ਸੰਚਾਲਨ ਵਿਨੋਦ ਕੁਮਾਰ ਨੇ ਕੀਤਾ।ਕਵਿਤਾ ਰਚਨਾ ਮੁਕਾਬਲੇ ਵਿੱਚ ਸਵਿੱਤਰੀ ਸ ਸ ਸ ਸ ਮਮੂਨ ਨੇ ਪਹਿਲਾਂ, ਹਰਮੀਤ ਪਲਿਆਨ ਸ ਸ ਸ ਸ ਮਲਿਕਪੁਰ ਨੇ ਦੂਜਾ ਤੇ ਹਰਸ਼ਨਾ ਦੇਵੀ ਸ ਸ ਸ ਸ ਬਮਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚ ਪਹਿਲੇ ਸਥਾਨ ’ਤੇ ਮਾਨਸੀ ਸ ਕੰ ਸ ਸ ਸ ਪਠਾਨਕੋਟ, ਦੁਜੇ ਸਥਾਨ ’ਤੇ ਗੌਤਮ ਸਿੰਘ ਮਨਹਾਸ ਸ ਸ ਸ ਸ ਘਿਆਲਾ ਤੇ ਤੀਜੇ ਸਥਾਨ ’ਤੇ ਰੋਹਨ ਮਹਿਮੀ ਸ ਹ ਸ ਗੁੜ੍ਹਾ ਕਲਾਂ ਰਿਹਾ।ਲੇਖ ਰਚਨਾ ਵਿੱਚ ਤਮੰਨਾ ਦੇਵੀ, ਸ ਹ ਸ ਨਿਚਲੀ ਬੜੋਈ ਪਹਿਲੇ ਸਥਾਨ ’ਤੇ, ਜੋਤੀ ਸ ਸ ਸ ਸ ਘੋਹ ਦੂਜੇ ਸਥਾਨ ਅਤੇ ਸ਼ਿਵਾਲਿਕਾ ਸੇਂਟ ਥਾਮਸ ਸ ਸ ਸ ਪਠਾਨਕੋਟ ਤੀਜੇ ਸਥਾਨ ’ਤੇ ਰਹੀ।ਕਵਿਤਾ ਗਾਇਨ ਮੁਕਾਬਲੇ ਵਿੱਚ ਗੁਨਰੂਪ ਬਾਜਵਾ, ਕਰਾਇਸਟ ਦਾ ਕਿੰਗ ਕਾਨਵੇਂਟ ਸਕੂਲ ਸੁਜਾਨਪੁਰ ਨੇ ਪਹਿਲਾ, ਕੇਜੀਆ ਨਾਹਰ ਸੇਂਟ ਥਾਮਸ ਸ ਸ ਸ ਪਠਾਨਕੋਟ ਨੇ ਦੂਜਾ ਤੇ ਮਾਨੀਆ ਸ ਸ ਸ ਸ ਕੀੜੀ ਖ਼ੁਰਦ ਨੇ ਤੀਜਾ ਸਥਾਨ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਵਿਭਾਗੀ ਪੁਸਤਕਾਂ ਦੇ ਸੈਟ ਇਨਾਮ ਵਜੋਂ ਦਿੱਤੇ ਗਏ ਤੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਭੇਜਿਆ ਜਾਵੇਗਾ।ਸਮਾਗਮ ਵਿੱਚ ਦਫ਼ਤਰ ਕਰਮਚਾਰੀ ਰਾਜੇਸ਼ ਕੁਮਾਰ, ਖੋਜ ਅਫ਼ਸਰ ਕਲਰਕ ਜੁਗਲ ਕਿਸ਼ੋਰ ਤੇ ਕਮਲ ਕਿਸ਼ੋਰ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …