ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ) – ਸੰਨ 1947 ’ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸਰਵਣ ਕਰਵਾਇਆ।ਸਮਾਗਮ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 1947 ਦੀ ਵੰਡ ਸਮੇਂ ਪੰਜਾਬੀਆਂ ਨੇ ਵੱਡਾ ਸੰਤਾਪ ਹੰਡਾਇਆ ਹੈ ਅਤੇ ਖ਼ਾਸਕਰ ਸਿੱਖਾਂ ਨੇ ਵੱਡੀਆਂ ਮਾਰਾਂ ਝੱਲੀਆਂ।ਇਸ ਵੰਡ ਦੌਰਾਨ ਪੰਜਾਬ ਦੀ ਹਿੱਕ ’ਤੇ ਲਕੀਰ ਖਿੱਚੀ ਗਈ।ਸਿੱਖਾਂ ਦੇ ਰਾਜ ਭਾਗ ਵਾਲੀ ਵਿਰਾਸਤ ਦੇਸ਼ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡਣ ਨਾਲ ਸਿੱਖਾਂ ਦੇ ਜਾਨੋਂ ਪਿਆਰੇ ਗੁਰਧਾਮ ਵਿੱਛੜ ਗਏ।ਪਾਕਿਸਤਾਨ ‘ਚ ਸਿੱਖਾਂ ਨੂੰ ਆਪਣੀਆਂ ਜਾਇਦਾਦਾਂ ਛੱਡਣੀਆਂ ਪਈਆਂ ਅਤੇ ਲੱਖਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆਈਆਂ।ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ 77 ਸਾਲਾਂ ਬਾਅਦ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਉਸ ਸਮੇਂ ਮਾਰੇ ਗਏ ਲੋਕਾਂ ਲਈ ਅਫ਼ਸੋਸ ਦੇ ਦੋ ਸ਼ਬਦ ਵੀ ਨਹੀਂ ਕਹੇ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਨਾਲ ਬੇਇਨਸਾਫ਼ੀ ਅੱਜ ਵੀ ਜਾਰੀ ਹੈ।ਕਈ ਸਿੱਖ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਜਿਨ੍ਹਾਂ ਨੂੰ ਸਰਕਾਰਾਂ ਰਿਹਾਅ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੰਮ੍ਰਿਤਧਾਰੀ ਹੋ ਕੇ ਬਾਣੀ ਅਤੇ ਬਾਣੇ ਦੇ ਨਾਲ ਜੁੜਨਾ ਚਾਹੀਦਾ ਹੈ।
ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਮਦਾਸ, ਤੇਜਿੰਦਰ ਸਿੰਘ ਪੱਡਾ, ਪ੍ਰੀਤਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਬਲਵਿੰਦਰ ਸਿੰਘ ਖੈਰਾਬਾਦ. ਹਰਭਜਨ ਸਿੰਘ ਵਕਤਾ ਅਤੇ ਸੰਗਤਾਂ ਮੌਜ਼ੂਦ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …