Friday, September 13, 2024

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ,
ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ।
ਉਹ ਪਿੰਡ ਦੇ ਸਕੂਲ ਵਿੱਚ
ਸ਼ਾਮ ਨੂੰ ਤੀਆਂ ਦਾ ਲੱਗਣਾ,
ਵਿਆਹੀਆਂ ਵਰ੍ਹੀਆਂ ਧੀਆਂ ਦਾ
ਪੇਕੇ ਘਰ ਆਉਣਾ।

ਤੀਆਂ ਦੇ ਬਹਾਨੇ
ਸਖੀਆਂ ਨੂੰ ਮਿਲਣਾ,
ਕੁੱਝ ਉਨ੍ਹਾਂ ਦੀਆਂ ਸੁਣਨਾ
ਕੁੱਝ ਆਪਣੀ ਸੁਣਾਉਣਾ।
ਬੋਲੀਆਂ ਦੇ ਬਹਾਨੇ ,
ਮਨ ਹਾਉਲਾ ਕਰ ਆਉਣਾ।

ਨਾ ਕਿਸੇ ਦਾ ਬੀ.ਪੀ ਵਧਣਾ,
ਨਾ ਡਿਪ੍ਰੈਸ਼ਨ ਦਾ ਹੋਣਾ।
ਸੂਟ ਸਵਾਉਣਾ, ਰੀਝਾਂ ਲਾਉਣਾ,
ਬਣ ਬਣ ਆਉਣਾ।
ਭੁੰਨੀਆਂ ਛੱਲੀਆਂ, ਗੁੜ ਦੇ ਗੁਲਗੁਲੇ,
ਕਣਕ ਮੱਕੀ ਦੇ ਦਾਣੇ ਭੁੰਨਾਉਣਾ।

ਕੱਚੇ ਪੱਕੇ ਅਮਰੂਦਾਂ ਨੂੰ ਕੱਟਣਾ,
ਨਮਕ ਲਗਾਉਣਾ ਰਲ ਮਿਲ ਖਾਣਾ।
ਘਰ-ਘਰ ਵਿੱਚ ਖੀਰਾਂ ਰਿਝਣੀਆਂ,
ਪੂੜੇ ਪਕਾਉਣਾ।
ਪਿੱਪਲ ਬੋਹੜਾਂ ਦਿਆਂ ਟਾਹਣਿਆਂ
ਉਤੇ, ਪੀਂਘਾਂ ਪਾਉਣਾ।

ਝੂਟੇ ਲੈਣੇ,
ਉੱਚੀ ਪੀਂਘ ਚੜਾਉਣ ਦੀਆਂ
ਸ਼ਰਤਾਂ ਲਾਉਣਾ।
ਛੋਟੀਆਂ ਬੱਚੀਆਂ ਦਾ,
ਵਿਆਹੀਆਂ ਦੇ ਸ਼ਿੰਗਾਰ ਵੇਖਣਾ,
ਨਾਲੇ ਮੁਸਕਾਉਣਾ।
ਇਹ ਸਭ ਗੱਲਾਂ ਯਾਦ ਕਰਦਿਆਂ ,
ਮਨ ਵਿੱਚ ਖਿਆਲ ਦਾ ਆਉਣਾ।

ਮੈਂ ਵੀ ਤੀਆਂ ਵੇਖ ਕੇ ਆਵਾਂ,
ਕਈ ਸਾਲਾਂ ਤੋਂ ਜੀ ਨਹੀਂ ਮਾਣਿਆਂ,
ਉਹ ਸੁਰਗ ਮੈਂ ਫਿਰ ਪਾ ਆਵਾਂ।
ਜਦੋਂ ਤੀਆਂ ਵਿੱਚ ਮੈਂ ਪਹੁੰਚੀ,
ਮਨ ਕੁੱਝ ਉਦਾਸ ਹੋ ਗਿਆ।

ਨਾ ਦਿੱਸਦੀ ਸੱਗੀ ਫੁਲਕਾਰੀ ,
ਨਾ ਕਿੱਕਲੀ ਨਾ ਪੀਂਘ ਵਿਚਾਰੀ।
ਗਿੱਧਾ ਕਿਤੇ ਅਲੋਪ ਹੋ ਗਿਆ,
ਨੱਚਣ ਲਈ ਆਰਕੈਸਟਰਾ ਮੰਗਵਾ ਰੱਖਿਆ
ਬੋਲੀਆਂ ਵਾਲਾ ਸ਼ੌਕ ਖੋ ਗਿਆ।

ਕੰਨ ਪਾੜਵਾਂ ਡੀ.ਜੇ ਦਾ ਰੌਲਾ,
ਜੀਨਾਂ ਪਾ ਲੱਕ ਮਟਕਾਉਣਾ।
ਚਰਖੇ ਰੱਖੇ ਨੇ ਸੈਲਫੀ ਪੁਆਇੰਟ ‘ਤੇ,
ਵਾਰੋ ਵਾਰ ਫੋਟੋਆਂ ਖਿੱਚਵਾਉਣ।
ਕੋਈ ਕਿਸੇ ਨਾਲ ਗੱਲ ਨਹੀਂ ਕਰਦੀ,
ਨਾ ਕਿਸੇ ਨੂੰ ਦਿਲ ਦਾ ਹਾਲ ਸੁਣਾਉਣਾ।

ਸਭ ਦਾ ਬੱਸ ਇਕੋ ਮਕਸਦ ,
ਰੀਲਾਂ ਬੁਣਾਉਣਾ ਸਟੋਰੀਆਂ ਪਾਉਣਾ।
ਕੌਣ ਬਣਾਵੇ ਖੀਰਾਂ ਪੂੜੇ,
ਅੱਜ ਜਮੈਟੋ ਤੋਂ ਪੀਜ਼ਾ ਮੰਗਵਾਉਣਾ।
ਕਵਿਤਾ 1508202407

ਹਰਦੀਪ ਕੌਰ
ਪੰਜਾਬੀ ਮਿਸਟ੍ਰੈਸ, ਛਾਜ਼ਲੀ।

Check Also

ਸਵੱਛਤਾ ਅਭਿਆਨ ਅਧੀਨ ਸਕੂਲ ਦੇ ਸੁੰਦਰੀਕਰਨ ਲਈ ਕੀਤਾ ਸਫਾਈ ਦਾ ਕਾਰਜ਼

ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਮਲਕਾ ਰਾਣੀ, ਉੱਪ ਜਿਲ੍ਹਾ …