Monday, December 30, 2024

ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਨਾਟਕ `ਭਾਪਾ ਜੀ ਦਾ ਟਰੰਕ` ਦਾ ਸਫਲ ਮੰਚਨ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਅਤੇ ਰੰਗਕਰਮੀ ਮੰਚ ਅੰਮ੍ਰਿਤਸਰ ਵਲੋਂ ਨਾਟਕ ‘ਭਾਪਾ ਜੀ ਦਾ ਟਰੰਕ` ਦਾ ਮੰਚਨ ਦਸਮੇਸ਼ ਆਡੀਟੋਰੀਅਮ ਵਿਖੇ ਕੀਤਾ ਗਿਆ।ਵਿਦਿਆਰਥੀਆਂ ਨਾਲ ਭਰੇ ਦਸਮੇਸ਼ ਆਡੀਟੋਰੀਅਮ ਵਿੱਚ ਨਾਟਕ ਪ੍ਰੇਮੀਆ ਨੇ ਇਹ ਨਾਟਕ ਖੜੇ ਹੋ ਕੇ ਵੇਖਿਆ।ਨਾਟਕ ਮੰਚਪ੍ਰੀਤ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ।
ਇਸ ਨਾਟਕ ਨੇ ਅਜੋਕੇ ਸਮੇਂ ਦੇ ਗੰਭੀਰ ਮੁੱਦਿਆਂ ਨੂੰ ਹਲਕੇ-ਫੁਲਕੇ ਢੰਗ ਨਾਲ ਪੇਸ਼ ਕੀਤਾ।ਨਾਟਕ ਨੇ ਜਿਥੇ ਹਸਾ-ਹਸਾ ਕੇ ਵਿਦਿਆਰਥੀਆਂ ਦੇ ਢਿੱਡੀ ਪੀੜਾਂ ਪਾ ਛੱਡੀਆਂ, ਉਥੇ ਆਪਣੇ ਸੰਦੇਸ਼ ਵਿਚ ਵਰਤਮਾਨ ਸਮੇਂ ਦੇ ਗੰਭੀਰ ਮੁੁੱਦਿਆਂ ਨੂੰ ਸੰਜ਼ੋਈ ਰੱਖਿਆ ਅਤੇ ਅਜੋਕੀ ਨੌਜੁਆਨ ਪੀੜ੍ਹੀ ਨੂੰ ਸੰਦੇਸ਼ ਇਸ ਦੇ ਮੂਲ ਵਿੱਚ ਸ਼ਾਮਿਲ ਸੀ।ਨਾਟਕ ਵਿਚ ਪੇਸ਼ ਕੀਤਾ ਗਿਆ ਕਿ ਕਿਵੇਂ ਪੀੜ੍ਹੀ-ਦਰ-ਪੀੜ੍ਹੀ ਦੌਲਤ ਅਤੇ ਆਪਣਾ ਕੈਰੀਅਰ ਬਣਾਉਣ ਦੀ ਲਾਲਸਾ ਵਿੱਚ ਨਵੀਂ ਪੀੜ੍ਹੀ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਫਸਾ ਲਿਆ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਭੁੱਲ ਕੇ ਅਤੇ ਆਪਣੇ ਮਾਤਾ-ਪਿਤਾ ਨੂੰ ਨਜ਼ਰਅੰਦਾਜ਼ ਕਰਕੇ ਨੌਜੁਆਨ ਅਤੇ ਹੋਰ ਲੋਕ ਆਪਣੇ ਆਪ ਨੂੰ ਇਕੱਲਤਾ ਦੀ ਅੱਗ ਵਿੱਚ ਸੁੱਟਦੇ ਜਾ ਰਹੇ ਹਨ।ਪਤੀ ਪਤਨੀ ਦੇ ਰਿਸ਼ਤਿਆਂ ਦੇ ਤੰਜ਼ ਕੱਸਦੇ ਇਸ ਨਾਟਕ ਵਿੱਚ ਆਪਸੀ ਸੂਝ-ਬੂਝ ਅਤੇ ਪਤੀ-ਪਤਨੀ ਦੇ ਰਿਸ਼ਤੇ ਦੀ ਮਰਿਯਾਦਾ ਪੇਸ਼ ਕਰਦਾ ਇਹ ਨਾਟਕ ਦਰਸ਼ਕਾਂ ਨੂੰ ਹਸਾਉਂਦਾ ਅਤੇ ਸੋਚਣ ਲਈ ਮਜ਼ਬੂਰ ਕਰਦਾ ਰਿਹਾ।
ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ `ਤੇ ਪੁੱਜੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਹਾਸਰਸ ਅਤੇ ਗੰਭੀਰ ਕਿਸਮ ਦਾ ਸੰਦੇਸ਼ ਦੋਵਾਂ ਨੂੰ ਇਕੱਠਿਆਂ ਪੇਸ਼ ਕਰਨ ਵਿੱਚ ਵਧੀਆ ਕਿਸਮ ਦੀ ਕਲਾ ਦਾ ਮੰਚਨ ਕਰਨ ਤਸੱਲੀ ਦਾ ਪ੍ਰਗਟਾਵਾ ਕੀਤਾ।ਡਾ. ਅਮਨਦੀਪ ਸਿੰਘ ਇੰਚਾਰਜ਼ ਯੁਵਕ ਭਲਾਈ, ਡਾ. ਸੁਨੀਲ ਕੁਮਾਰ, ਇੰਚਾਰਜ ਡਰਾਮਾ ਕਲੱਬ, ਕੰਵਲ ਰੰਧੇਅ ਡਾਇਰੈਕਟਰ ਅਤੇ ਵੱਡੀ ਗਿਣਤੀ ‘ਚ ਰੰਗਮੰਚ ਪ੍ਰੇਮੀ ਇਸ ਮੌਕੇ ਹਾਜ਼ਰ ਸਨ।ਡਾ. ਸੁਨੀਲ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰੰਗਕਰਮੀ ਮੰਚ ਦੀ ਟੀਮ ਨੂੰ ਸਨਮਾਨਿਤ ਕੀਤਾ।ਮੰਚ ਸੰਚਾਲਨ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …