Friday, September 13, 2024

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਧੀਨ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਨਾਲ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ।
ਆਪਣੇ ਵਿਚਾਰ ਸਾਂਝੇ ਕਰਦਿਆਂ ਸੁੱਖੀ ਬਾਠ ਨੇ ਕਿਹਾ ਕਿ ਉਹਨਾਂ ਨੇ ਬਦੇਸ਼ ਦੀ ਧਰਤੀ ‘ਤੇ ਜਾ ਕੇ ਇੱਕ ਲੰਬਾ ਸੰਘਰਸ਼ਮਈ ਜੀਵਨ ਜੀਵਿਆ ਹੈ।ਜਿਸ ਵਿੱਚ ਉਹ ਸਿਫ਼ਰ ਤੋਂ ਸਿਖ਼ਰ ਤੱਕ ਪਹੁੰਚੇ ਹਨ।ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਸੇਵਾ ਕੇਵਲ ਨਿਜਮੂਲਕ ਰਸਮੀ ਕਾਰਵਾਈਆਂ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਬਲਕਿ ਇਸ ਦਾ ਵਿਹਾਰਕ ਰੂਪ ਵੀ ਉਜ਼ਾਗਰ ਕਰਨ ਦੀ ਲੋੜ ਹੈ।ਸੁੱਖੀ ਬਾਠ ਫਾਉਂਡੇਸ਼ਨ ਵਲੋਂ ਕਨੇਡਾ ਵਿੱਚ ‘ਪੰਜਾਬੀ ਭਵਨ’ ਦੀ ਸਥਾਪਨਾ ਦੇ ਨਾਲ ਉਥੇ ਪੰਜਾਬੀ ਭਾਸ਼ਾ ਦਾ ਵਿਕਾਸ ਸਿਖ਼ਰ ‘ਤੇ ਪਹੁੰਚ ਗਿਆ ਹੈ।ਉਹਨਾਂ ਨੇ ਆਪਣੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਨ” ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਅੰਤਰਗਤ ਹੁਣ ਤੱਕ ਪੰਜਾਬੀ ਭਾਸ਼ਾ ਵਿੱਚ 42 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।ਉਹ ਕੇਵਲ ਕਨੇਡਾ ਵਿੱਚ ਹੀ ਨਹੀਂ, ਬਲਕਿ ਭਾਰਤ ਵਿੱਚ ਵੀ 4 ਯੂਨੀਵਰਸਿਟੀਆਂ ਅਤੇ 40 ਕਾਲਜਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਨਾਲ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਮਿਲ ਕੇ ਕੰਮ ਕਰ ਰਹੇ ਹਨ।ਮੌਜ਼ੂਦਾ ਦੌਰ ਵਿੱਚ ਪਰਵਾਸ ਧਾਰਨ ਕਰਨ ਦੇ ਮੁੱਦੇ ‘ਤੇ ਉਹਨਾਂ ਬੋਲਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਯੋਜਨਾਬੱਧ ਤਰੀਕੇ ਨਾਲ ਅਨੁਸ਼ਾਸ਼ਿਤ ਹੋ ਕੇ ਪਰਵਾਸ ਧਾਰਨ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜ਼ਿੰਦਾਦਿਲੀ ਪੰਜਾਬੀਅਤ ਦਾ ਮੁੱਖ ਪਹਿਚਾਣ ਚਿੰਨ੍ਹ ਹੈ, ਜਿਸ ਨੂੰ ਲਗਾਤਾਰ ਕਾਇਮ ਰੱਖਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਸੁੱਖੀ ਬਾਠ ਨੂੰ ਪੌਦਾ ਭੇਟ ਕਰਕੇ ਉਹਨਾਂ ਨੂੰ ‘ਜੀ ਆਇਆ’ ਕਿਹਾ।ਸਵਾਗਤੀ ਸ਼ਬਦ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੁੱਖੀ ਬਾਠ ਦੀ ਵਿਸ਼ਾਲ ਸੋਚ ਬ੍ਰਹਿਮੰਡੀ ਚੇਤਨਾ ਦੀ ਧਾਰਨੀ ਹੈ।ਉਹ ਵਿਸ਼ਵ ਮੰਚ ‘ਤੇ ਪੰਜਾਬੀ ਸਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੀ ਅਹਿਮ ਸ਼ਖਸੀਅਤ ਹਨ।ਪੰਜਾਬੀਅਤ ਦਾ ਸਰਬੱਤ ਦੇ ਭਲੇ ਦਾ ਆਦਰਸ਼ ਸੁੱਖੀ ਬਾਠ ਦੇ ਜੀਵਨ ਵਿਹਾਰ ਵਿੱਚੋਂ ਝਲਕਦਾ ਹੈ।ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਵੱਡਾ ਹੀ ਸੋਚਦੇ ਹਨ, ਜਿਸ ਕਾਰਨ ਉਹ ਤਮਾਮ ਹੱਦਬੰਦੀਆਂ ਤੋਂ ਮੁਕਤ ਹਨ।
ਡਾ. ਬਲਜੀਤ ਰਿਆੜ ਨੇ ਸੁੱਖੀ ਬਾਠ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਪੰਜਾਬੀ ਹੋਣ ‘ਤੇ ਮਾਣ ਹੈ।ਉਹ ਕਨੇਡਾ ਵਿਖੇ ਵੱਡਾ ਵਪਾਰ ਖੜਾ ਕਰਨ ਦੇ ਨਾਲ ਨਾਲ ਲਗਾਤਾਰ ਪੰਜਾਬੀ ਭਾਸ਼ਾ ਦੀ ਸੇਵਾ ਵੀ ਕਰ ਰਹੇ ਹਨ।ਉਨਾਂ ਨੇ ਸਮਾਜਿਕ ਕਲਿਆਣ ਦਾ ਕਾਰਜ਼ ਕਰਦਿਆਂ 400 ਤੋਂ ਜ਼ਿਆਦਾ ਧੀਆਂ ਦੇ ਵਿਆਹ ਵੀ ਕਰਵਾਏ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਡਾ. ਮੇਘਾ ਸਲਵਾਨ ਨੇ ਸੁੱਖੀ ਬਾਠ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਜਗਤ ਹਮੇਸ਼ਾ ਸੁੱਖੀ ਬਾਠ ਵਰਗੀਆਂ ਸ਼ਖਸ਼ੀਅਤਾਂ ਦਾ ਰਿਣੀ ਰਹੇਗਾ।ਮੰਚ ਸੰਚਾਲਨ ਡਾ. ਰਾਜਵਿੰਦਰ ਕੌਰ ਨੇ ਕੀਤਾ।ਇਸ ਸਮੇਂ ਡਾ. ਜਸਪਾਲ ਸਿੰਘ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਤੁੜ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਖੋਜ਼-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਵੱਛਤਾ ਅਭਿਆਨ ਅਧੀਨ ਸਕੂਲ ਦੇ ਸੁੰਦਰੀਕਰਨ ਲਈ ਕੀਤਾ ਸਫਾਈ ਦਾ ਕਾਰਜ਼

ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਮਲਕਾ ਰਾਣੀ, ਉੱਪ ਜਿਲ੍ਹਾ …