ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੀਏਟ ਵਿਭਾਗ ਵਲੋਂ ‘ਔਰਤਾਂ ਦੇ ਹੱਕ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ‘ਚ ਕਰਵਾਏ ਗਏ ਸੈਮੀਨਾਰ ’ਚ ਸਰਕਾਰੀ ਕਾਲਜ ਅਧਿਆਪਕ ਸਿੱਖਿਆ ਹਿਮਾਚਲ ਪ੍ਰਦੇਸ਼ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਚਾਰੂ ਸ਼ਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਗੁਰਉਪਦੇਸ਼ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਡਾ. ਸੁਰਿੰਦਰ ਕੌਰ ਨੇ ਕੁੰਜ਼ੀਵਤ ਭਾਸ਼ਣ ਦੇ ਬੁਲਾਰੇ ਡਾ. ਚਾਰੂ ਸ਼ਰਮਾ ਤੇ ਡਾ. ਗੁਰਉਪਦੇਸ਼ ਸਿੰਘ ਨੂੰ ਪੌਦਾ ਭੇਟ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਸੈਮੀਨਾਰ ਦਾ ਆਗਾਜ਼ ਕੀਤਾ।ਉਨ੍ਹਾਂ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਕਿਹਾ ਕਿ ਔਰਤ ਨੂੰ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਣੀ ਆਜ਼ਾਦੀ ਅਤੇ ਆਤਮ ਸਨਮਾਨ ਨੂੰ ਕਾਇਮ ਰੱਖਣਾ ਚਾਹੀਦਾ ਹੈ।
ਡਾ. ਗੁਰਉਪਦੇਸ਼ ਸਿੰਘ ਨੇ ਕਿਹਾ ਕਿ ਔਰਤ ਨੂੰ ਸਮਾਜਿਕ ਆਰਥਿਕ ਤੇ ਵਿੱਦਿਅਕ ਪੱਧਰ ’ਤੇ ਆਪਣੀ ਸਥਿਤੀ ਨੂੰ ਸੁਧਾਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਨਾਰੀਵਾਦ ਦੀ ਅਸਲੀਅਤ ਬਿਲਕੁੱਲ ਵੱਖਰੀ ਹੈ, ਕਿਉਂਕਿ ਸਮਾਜ ’ਚ ਹਰੇਕ ਵਰਗ ਦੀਆਂ ਔਰਤਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ।
ਡਾ. ਚਾਰੂ ਸ਼ਰਮਾ ਨੇ ਨਾਰੀਵਾਦ ਦੇ ਉਥਾਨ ਅਤੇ ਵਰਤਮਾਨ ਸਮੇਂ ’ਚ ਔਰਤ ਨੂੰ ਦਰਪੇਸ਼ ਚੁਣੌਤੀਆਂ ’ਤੇ ਚਾਨਣਾ ਪਾਇਆ।ਉਨ੍ਹਾਂ ਦਾਅਵਾ ਕੀਤਾ ਕਿ ਇਸ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ।ਨਾਰੀਵਾਦ ਔਰਤਾਂ ਅਤੇ ਮਰਦਾਂ ਵਿਚਕਾਰ ਪਾੜਾ ਪੈਦਾ ਕਰਨ ਜਾਂ ਲਿੰਗ-ਅਧਾਰਿਤ ਟਕਰਾਅ ਨੂੰ ਉਤਸ਼ਾਹਿਤ ਕਰਨਾ ਨਹੀਂ, ਬਲਕਿ ਇਹ ਪ੍ਰਣਾਲੀਗਤ ਅਸਮਾਨਤਾਵਾਂ ਅਤੇ ਸ਼ਕਤੀ ਢਾਂਚੇ ਨੂੰ ਚੁਣੌਤੀ ਦੇਣ ਅਤੇ ਇਸ ਨੁੰ ਖ਼ਤਮ ਕਰਨ ਬਾਰੇ ਹੈ।
ਡਾ. ਹਾਂਡਾ ਨੇ 21ਵੀਂ ਸਦੀ ’ਚ ਔਰਤ ਦੇ ਅਸਤਿਤਵ ਨੂੰ ਮੀਡੀਆ ਦੁਆਰਾ ਮਿਲ ਰਹੀਆਂ ਚੁਣੌਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਕਿ ਨਾਰੀਵਾਦੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਅਜੇ ਵੀ ਇਕ ਮਹੱਤਵਪੂਰਨ ਸਥਾਨ ਹੈ, ਪਰ ਮੀਡੀਆ ’ਚ ਔਰਤਾਂ ਦੀ ਨਕਾਰਾਤਮਕ ਤਸਵੀਰ ਚਿੰਤਾ ਦਾ ਵਿਸ਼ਾ ਰਹੀ ਹੈ।ਉਨ੍ਹਾਂ ਕਿਹਾ ਕਿ ਰਸੋਈ ਦੇ ਉਪਕਰਨਾਂ, ਡਿਟਰਜੈਂਟ ਪਾਊਡਰ ਆਦਿ ਦੇ ਇਸ਼ਤਿਹਾਰਾਂ ’ਚ ਹਮੇਸ਼ਾਂ ਔਰਤਾਂ ਨੂੰ ਮੁੱਖ ਉਪਭੋਗਤਾ ਵਜੋਂ ਦਰਸਾਇਆ ਜਾਂਦਾ ਹੈ। ਔਰਤਾਂ ਦਾ ਅਜਿਹਾ ਚਿਤਰਣ ਲਿੰਗ ਅਸਮਾਨਤਾ ’ਚ ਯੋਗਦਾਨ ਪਾਉਂਦਾ ਹੈ, ਜੋ ਨੁਕਸਾਨਦੇਹ ਹੈ।
ਇਸ ਸੈਮੀਨਾਰ ਦੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸੁਮਨੀਤ ਕੌਰ ਅਤੇ ਉਪ ਪ੍ਰਧਾਨਗੀ ਇਸੇ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਮਨਦੀਪ ਕੌਰ ਨੇ ਕੀਤੀ।ਇਸ ਸੈਸ਼ਨ ’ਚ ਆਫ਼ਲਾਈਨ ਅਤੇ ਆਨਲਾਈਨ ਸਮੁੱਚੇ ਭਾਰਤ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।ਸੈਮੀਨਾਰ ਦੇ ਅੰਤਿਮ ਸੈਸ਼ਨ ’ਚ ਮਾਤਾ ਗੁਜ਼ਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਡਾ. ਗੌਰੀ ਹਾਂਡਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਯੂਨੀਵਰਸਿਟੀ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਉਜਲਜੀਤ ਕੌਰ ਨੇ ਉਪ ਪ੍ਰਧਾਨਗੀ ਕੀਤੀ।
Check Also
ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …