Tuesday, October 15, 2024

ਹੈਰੀਟੇਜ਼ ਸਟਰੀਟ ਨੂੰ ਨਵਿਆਉਣ ਦਾ ਕੰਮ ਛੇਤੀ ਕੀਤਾ ਜਾਵੇਗਾ ਪੂਰਾ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਅਤੇ ਜਲਿਆਂਵਾਲਾ ਬਾਗ ਨੂੰ ਜਾਂਦੇ ਪਵਿੱਤਰ ਰਸਤੇ ਹੈਰੀਟੇਜ਼ ਸਟਰੀਟ ਨੂੰ ਛੇਤੀ ਹੀ ਨਵਿਆਇਆ ਜਾਵੇਗਾ।ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਸੈਰ ਸਪਾਟਾ ਵਿਭਾਗ ਪੰਜਾਬ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤਾ।ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਸੰਸਦ ਮੈਂਬਰ ਦੇ ਕੋਟੇ ਵਿਚੋਂ ਮਿਲੇ ਫੰਡ ਇਸ ਕੰਮ ਲਈ ਦਿੱਤੇ ਜਾਣਗੇ।ਰੰਗ ਰੋਗਨ ਦੇ ਇਸ ਕੰਮ ਉਪਰ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਤੋਂ ਇਲਾਵਾ ਇਸ ਸਟਰੀਟ ਵਿਚ 6 ਫੁੱਟ ਤੋਂ ਵਧੇਰੇ ਉਚੇ ਸੁੰਦਰ ਦਰੱਖਤ ਲਗਾਏ ਜਾਣਗੇ।ਇਹ ਗਲੀ ਜੋ ਕਿ ਰੋਜ਼ਾਨਾ ਲੱਖਾਂ ਸ਼ਰਧਾਲੂਆਂ ਦੀ ਅੰਮ੍ਰਿਤਸਰ ਆਮਦ ਦਾ ਗਵਾਹ ਬਣਦੀ ਹੈ, ਦੀ ਸਫਾਈ ਰੱਖਣ ਲਈ ਵੱਡ ਆਕਾਰੀ ਡਸਟਬਿਨ ਰੱਖੇ ਜਾਣਗੇ।ਉਹਨਾਂ ਦੱਸਿਆ ਕਿ ਇਸ ਗਲੀ ਨੂੰ ਨਿਯਮਤ ਰੂਪ ‘ਚ ਸਾਫ ਰੱਖਣ ਲਈ ਇੱਕ ਮਸ਼ੀਨ ਵੀ ਸਾਹਨੀ ਵਲੋਂ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਇਥੇ ਆਉਣ ਵਾਲੇ ਛੋਟੇ ਬੱਚਿਆਂ, ਬਜੁਰਗਾਂ ਅਤੇ ਹੋਰ ਲੋੜਵੰਦਾਂ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਵਾਸਤੇ ਦੋ ਗੋਲਫ ਕਾਰਟ ਵੀ ਇਸ ਗਲੀ ਵਿੱਚ ਲਗਾਈਆਂ ਜਾਣਗੀਆਂ।ਉਹਨਾਂ ਨੇ ਦੋਹਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਦੀ ਕੁਆਲਿਟੀ ਬਰਕ਼ਰਾਰ ਰਹੇ ਅਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੰਮ ਨੂੰ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਨਿਗਮ ਅਧਿਕਾਰੀ ਸੰਦੀਪ ਸਿੰਘ, ਸਨ ਫਾਊਂਡੇਸ਼ਨ ਦੇ ਅਧਿਕਾਰੀ ਕੰਵਰ ਸੁਖਜਿੰਦਰ ਸਿੰਘ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਸੁਖਚੈਨ ਸਿੰਘ ਵੀ ਹਾਜ਼ਰ ਸਨ।

Check Also

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੋਕੇ ਦੀਵਾਨ ਅਦਾਰਿਆਂ ਨੂੰ ਰੰਗ ਬਿਰੰਗੀ ਲਾਈਟਾਂ ਨਾਲ ਰੁਸ਼ਨਾਇਆ ਜਾਵੇਗਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਨੂੰ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …